ਸਸਪੈਂਡ ਇੰਸਪੈਕਟਰ ਵਿਜੇ ਕੁਮਾਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਕਾਂਗਰਸੀ ਵਿਧਾਇਕ

12/27/2019 10:26:58 AM

ਪਟਿਆਲਾ (ਰਾਜੇਸ਼): ਕਾਂਗਰਸ ਸਰਕਾਰ ਵਿਚ ਭ੍ਰਿਸ਼ਟਾਚਾਰ 'ਚ ਲਿੱਬੜੀ ਅਫਸਰਸ਼ਾਹੀ ਖਿਲਾਫ ਝੰਡਾ ਚੁੱਕਣ ਵਾਲੇ ਮੁੱਖ ਮੰਤਰੀ ਦੇ ਜ਼ਿਲਾ ਪਟਿਆਲਾ ਦੇ ਕਾਂਗਰਸੀ ਵਿਧਾਇਕਾਂ ਨੇ ਇਕ ਵਾਰ ਫਿਰ ਤੋਂ ਮਾਹੌਲ ਗਰਮਾ ਦਿੱਤਾ ਹੈ। ਵੀਰਵਾਰ ਨੂੰ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਸਮਾਣਾ ਸੀ. ਆਈ. ਏ. ਦੇ ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਮੇਂ ਸਸਪੈਂਡ ਚੱਲ ਰਹੇ ਵਿਜੇ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਸੀ. ਆਈ. ਏ. ਦਾ ਇੰਚਾਰਜ ਹੁੰਦਿਆਂ ਜਿਸ ਪਰਿਵਾਰ ਨਾਲ ਵਿਜੇ ਕੁਮਾਰ ਨੇ ਵਧੀਕੀ ਕੀਤੀ ਸੀ ਅਤੇ ਉਨ੍ਹਾਂ ਤੋਂ 30 ਲੱਖ ਰੁਪਏ ਠੱਗੇ ਸਨ, ਉਨ੍ਹਾਂ ਪਰਿਵਾਰਾਂ ਨੂੰ ਨਾਲ ਲੈ ਕੇ ਦੋਵੇਂ ਵਿਧਾਇਕਾਂ ਨੇ ਪਟਿਆਲਾ ਰੇਂਜ ਦੇ ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਜਸਪ੍ਰੀਤ ਸਿੱਧੂ ਨਾਲ ਮੁਲਾਕਾਤ ਕੀਤੀ। ਵਿਧਾਇਕਾਂ ਨੇ ਪੀੜਤ ਪਰਿਵਾਰ ਦੇ ਬਿਆਨ ਐੱਸ. ਐੱਸ. ਪੀ. ਕੋਲ ਦਰਜ ਕਰਵਾਏ। ਦੋਵੇਂ ਵਿਧਾਇਕ ਲਗਭਗ ਇਕ ਘੰਟਾ ਐੱਸ. ਐੱਸ. ਪੀ. ਕੋਲ ਰਹੇ। ਉਨ੍ਹਾਂ ਇੰਸ. ਵਿਜੇ ਕੁਮਾਰ ਦੀਆਂ ਕਾਲੀਆਂ ਕਰਤੂਤਾਂ ਬਾਰੇ ਐੱਸ. ਐੱਸ. ਪੀ. ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇੰਸ. ਵਿਜੇ ਕੁਮਾਰ ਵੱਲੋਂ ਐੱਮ. ਐੱਲ. ਏ. ਸਮਾਣਾ ਰਾਜਿੰਦਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਪੀ. ਪੀ. ਐੱਸ. ਸੀ. ਦੀ ਸਾਬਕਾ ਮੈਂਬਰ ਰਵਿੰਦਰ ਕੌਰ ਦੇ ਫੋਨ ਰਿਕਾਰਡ ਕਰਨ ਦੇ ਮਾਮਲੇ ਵਿਚ ਇੰਸਪੈਕਟਰ ਖਿਲਾਫ ਕਾਰਵਾਈ ਨਹੀਂ ਕੀਤੀ ਗਈ।

ਇਸ ਮੌਕੇ ਪੀੜਤ ਰਾਜਵਿੰਦਰਪਾਲ ਨੇ ਦੱਸਿਆ ਕਿ 18 ਅਕਤੂਬਰ 2019 ਨੂੰ ਉਹ ਆਪਣੇ ਰਿਸ਼ਤੇਦਾਰ ਸੁਰੇਸ਼ ਕੁਮਾਰ ਦੇ ਘਰ ਧਾਮੋਮਾਜਰਾ ਵਿਖੇ ਆਇਆ ਸੀ। ਸ਼ਾਮ ਨੂੰ ਲਗਭਗ 7 ਵਜੇ ਸੀ. ਆਈ. ਏ. ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਉਥੇ ਰੇਡ ਕਰ ਦਿੱਤੀ। ਪੁਲਸ ਪਾਰਟੀ ਰਾਜਵਿੰਦਰਪਾਲ, ਉਸ ਦੇ ਰਿਸ਼ਤੇਦਾਰ ਸੁਰੇਸ਼ ਕੁਮਾਰ ਅਤੇ ਨੌਕਰ ਨੂੰ ਸੀ. ਆਈ. ਏ. ਸਟਾਫ ਸਮਾਣਾ ਲੈ ਗਈ। ਪੁਲਸ ਪਾਰਟੀ ਨੂੰ ਉਨ੍ਹਾਂ ਦੇ ਘਰੋਂ ਕਿਸੇ ਵੀ ਤਰ੍ਹਾਂ ਦੀ ਬਰਾਮਦਗੀ ਨਹੀਂ ਹੋਈ ਸੀ।ਉਨ੍ਹਾਂ ਦੋਸ਼ ਲਾਇਆ ਕਿ ਜਾਂਦੇ ਹੋਏ ਪੁਲਸ ਵਾਲੇ ਉਨ੍ਹਾਂ ਦੇ ਘਰੋਂ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਲੈ ਗਏ ਸਨ। ਇੰਸ. ਵਿਜੇ ਕੁਮਾਰ ਨੇ ਉਨ੍ਹਾਂ ਦੀ ਕਾਫੀ ਕੁੱਟ-ਮਾਰ ਵੀ ਕੀਤੀ। ਮੋਬਾਇਲ ਖੋਹ ਕੇ ਬੰਦ ਕਰਵਾ ਦਿੱਤੇ। ਵਿਜੇ ਕੁਮਾਰ ਅਤੇ ਪੁਲਸ ਮੁਲਾਜ਼ਮਾਂ ਨੇ ਪਰਿਵਾਰ ਨੂੰ ਡਰਾਇਆ ਕਿ 50 ਲੱਖ ਰੁਪਏ ਦੇ ਦੇਵੋ, ਨਹੀਂ ਤਾਂ ਤੁਹਾਡੇ 'ਤੇ ਐੱਨ. ਡੀ. ਪੀ. ਐੱਸ. ਦਾ ਇੰਨਾ ਵੱਡਾ ਕੇਸ ਦਰਜ ਕੀਤਾ ਜਾਵੇਗਾ ਕਿ ਸਾਰੀ ਉਮਰ ਜੇਲ 'ਚ ਸੜਦੇ ਰਹੋਗੇ ਜਾਂ ਫਿਰ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਜਾਵੇਗਾ।

ਰਾਜਵਿੰਦਰਪਾਲ ਨੇ ਦੱਸਿਆ ਕਿ ਉਸ ਦੀ ਬਠਿੰਡਾ ਵਿਖੇ ਮੋਬਾਇਲਾਂ ਦੀ ਦੁਕਾਨ ਹੈ। ਇੰਸ. ਵਿਜੇ ਕੁਮਾਰ ਨੇ ਉਸ ਦੀ ਫਿਰ ਕੁੱਟ-ਮਾਰ ਕੀਤੀ। ਸਮੁੱਚਾ ਪਰਿਵਾਰ ਇਸ ਘਟਨਾਕ੍ਰਮ ਤੋਂ ਘਬਰਾ ਗਿਆ। ਜੋਨੀ ਮਿੱਤਲ ਨਾਮਕ ਵਿਅਕਤੀ ਰਾਹੀਂ 30 ਲੱਖ ਰੁਪਏ ਵਿਚ ਸੌਦਾ ਹੋ ਗਿਆ। ਸੁਰੇਸ਼ ਕੁਮਾਰ ਨੇ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੇ ਕਰ ਕੇ 11 ਲੱਖ ਰੁਪਏ ਇੰਸ. ਵਿਜੇ ਕੁਮਾਰ ਨੂੰ ਦੇ ਦਿੱਤੇ ਅਤੇ ਬਾਕੀ ਰਕਮ ਦੇਣ ਲਈ 2 ਦਿਨ ਦਾ ਸਮਾਂ ਲੈ ਲਿਆ। ਇਸ ਤੋਂ ਬਾਅਦ 14 ਲੱਖ ਅਤੇ ਫਿਰ 5 ਲੱਖ ਰੁਪਏ ਦਿੱਤੇ ਗਏ। ਵਿਧਾਇਕਾਂ ਵੱਲੋਂ ਇਹ ਮਾਮਲਾ ਉਜਾਗਰ ਕਰਨ ਤੋਂ ਬਾਅਦ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਜੋਨੀ ਮਿੱਤਲ, ਇੰਸ. ਵਿਜੇ ਕੁਮਾਰ ਅਤੇ ਇਕ ਅਣਪਛਾਤੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੇਸ ਦਰਜ ਕਰ ਦਿੱਤਾ ਸੀ। ਮਾਮਲੇ ਦੀ ਪੜਤਾਲ ਡੀ. ਐੱਸ. ਪੀ. ਸਿਟੀ ਪਟਿਆਲਾ-1 ਯੋਗੇਸ਼ ਸ਼ਰਮਾ ਨੂੰ ਦਿੱਤੀ ਸੀ। ਵਿਧਾਇਕਾਂ ਨੇ ਕਿਹਾ ਕਿ ਇਸ ਮਾਮਲੇ 'ਚ ਅਜੇ ਤੱਕ ਵਿਜੇ ਕੁਮਾਰ ਅਤੇ ਹੋਰ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਜਾਂਚ ਹੁਣ ਵਿਜੀਲੈਂਸ ਨੇ ਵੀ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਆਪਣੇ ਬਿਆਨ ਐੱਸ. ਐੱਸ. ਪੀ. ਵਿਜੀਲੈਂਸ ਜਸਪ੍ਰੀਤ ਸਿੰਘ ਸਿੱਧੂ ਕੋਲ ਦਰਜ ਕਰਵਾਏ। ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਗੱਲਬਾਤ ਕਰਦਿਆਂ ਦੋਵੇਂ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਮੁੱਦੇ ਉਠਾਏ ਗਏ ਸਨ, ਉਨ੍ਹਾਂ ਖਿਲਾਫ ਸਰਕਾਰ ਨੇ ਕਾਰਵਾਈ ਕਰ ਦਿੱਤੀ ਹੈ। ਉਹ ਭ੍ਰਿਸ਼ਟ ਅਫਸਰਾਂ ਨੂੰ ਬਰਖਾਸਤ ਕਰਵਾ ਕੇ ਹੀ ਦਮ ਲੈਣਗੇ।

ਇੰਸ. ਵਿਜੇ ਹਨੀ ਟਰੈਪ ਅਤੇ ਮਨੀ ਟਰੈਪ ਲਾਉਂਦਾ ਸੀ : ਵਿਧਾਇਕ ਕੰਬੋਜ
ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਸਪੈਂਡ ਚੱਲ ਰਹੇ ਇੰਸਪੈਕਟਰ ਵਿਜੇ ਕੁਮਾਰ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਜੇ ਕੁਮਾਰ ਹਨੀ ਟਰੈਪ ਅਤੇ ਮਨੀ ਟਰੈਪ ਦਾ ਮਾਸਟਰ ਸੀ। ਉਸ ਨੇ ਕੁੱਝ ਔਰਤਾਂ ਰੱਖੀਆਂ ਹੋਈਆਂ ਸਨ ਜੋ ਕਿ ਅਮੀਰ ਘਰਾਂ ਦੇ ਮੁੰਡਿਆਂ ਨੂੰ ਫਸਾਉਂਦੀਆਂ ਸਨ। ਬਾਅਦ ਵਿਚ ਪੁਲਸ ਰਾਹੀਂ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਪੈਸੇ ਇਕੱਠੇ ਕੀਤੇ ਜਾਂਦੇ ਸਨ। ਹਨੀ ਟਰੈਪ ਰਾਹੀਂ ਹੀ ਮਨੀ ਟਰੈਪ ਲਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇੰਸ. ਵਿਜੇ ਕੁਮਾਰ ਦੀ ਜਾਇਦਾਦ ਅਤੇ ਉਸ ਦੇ ਨੇੜਲੇ ਰਿਸ਼ਤੇਦਾਰਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।


Shyna

Content Editor

Related News