ਸੁਸ਼ਮਾ ਸਵਰਾਜ ਦੇ ਟਵੀਟ ਨਾਲ ਜਾਗੀ ਅਮਰੀਕਾ ਜਾ ਕੇ ਬੇਟੇ ਦਾ ਅੰਤਿਮ ਸੰਸਕਾਰ ਕਰਨ ਦੀ ਆਸ

Tuesday, Aug 14, 2018 - 02:03 PM (IST)

ਸੁਸ਼ਮਾ ਸਵਰਾਜ ਦੇ ਟਵੀਟ ਨਾਲ ਜਾਗੀ ਅਮਰੀਕਾ ਜਾ ਕੇ ਬੇਟੇ ਦਾ ਅੰਤਿਮ ਸੰਸਕਾਰ ਕਰਨ ਦੀ ਆਸ

ਹੁਸ਼ਿਆਰਪੁਰ (ਅਮਰਿੰਦਰ)— ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਰਿਚਮੰਡ 'ਚ 8 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਇਕਲੌਤੇ ਪੁੱਤਰ ਹਰਕੀਰਤ ਸਿੰਘ ਸੰਧੂ (26) ਦੀ ਮੌਤ ਨੇ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਨਾਲ ਲੱਗਦੇ ਪਿੰਡ ਰੜਾ ਦੇ ਇੰਜੀਨੀਅਰ ਬਲਵਿੰਦਰ ਸਿੰਘ ਸੰਧੂ ਨੂੰ ਤੋੜ ਕੇ ਰੱਖ ਦਿੱਤਾ ਹੈ। ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਅਤੇ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਅਮਰੀਕਾ ਜਾਣਾ ਚਾਹੁੰਦਾ ਹੈ ਪਰ ਨਵੀਂ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਤੋਂ ਪਾਸਪੋਰਟ ਅਤੇ ਵੀਜ਼ਾ ਨਾ ਮਿਲਣ ਕਾਰਨ ਉਹ ਪਿਛਲੇ 4 ਦਿਨਾਂ ਦੌਰਾਨ ਦੂਤਾਵਾਸ ਦੇ ਚੱਕਰ ਲਗਾ-ਲਗਾ ਕੇ ਪਰੇਸ਼ਾਨ ਹੋ ਗਿਆ ਸੀ। ਇਸੇ ਦੌਰਾਨ ਉਸ ਨੇ 12 ਅਗਸਤ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਆਪਣੀ ਸਮੱਸਿਆ ਦੱਸੀ। ਟਵੀਟ ਪੜ੍ਹਦੇ ਹੀ ਵਿਦੇਸ਼ ਮੰਤਰੀ ਨੇ ਕੈਨੇਡੀਅਨ ਦੂਤਾਵਾਸ 'ਚ ਤਾਇਨਾਤ ਵਿਕਾਸ ਸਵਰੂਪ ਨੂੰ ਇੰਜ. ਬਲਵਿੰਦਰ ਸੰਧੂ ਦੀ ਮਦਦ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ। ਨਵੀਂ ਦਿੱਲੀ ਤੋਂ ਸੋਮਵਾਰ ਸ਼ਾਮ ਇੰਜੀ. ਸੰਧੂ ਨੇ ਫੋਨ 'ਤੇ ਦੱਸਿਆ ਕਿ ਕੈਨੇਡੀਅਨ ਦੂਤਾਵਾਸ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਸੋਮਵਾਰ ਦੇਰ ਸ਼ਾਮ ਜਾਂ ਮੰਗਲਵਾਰ ਸਵੇਰੇ ਆਪਣਾ ਪਾਸਪੋਰਟ ਹਾਸਲ ਕਰ ਲਵੋ।

PunjabKesari
ਇੰਜੀ. ਸੰਧੂ ਨੇ ਦੱਸਿਆ ਕਿ ਉਸ ਦਾ ਬੇਟਾ ਹਰਕੀਰਤ ਸਿੰਘ ਸੰਧੂ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਮੇਰੀ ਬੇਟੀ ਸਿਮਰਨਜੀਤ ਕੌਰ ਕੈਨੇਡਾ 'ਚ ਰਹਿੰਦੀ ਹੈ। ਮੈਂ ਆਪਣੀ ਪਤਨੀ ਪ੍ਰਭਦੀਪ ਕੌਰ ਨਾਲ ਕੈਨੇਡਾ ਜਾਣ ਲਈ 13 ਜੁਲਾਈ ਨੂੰ ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਇਸੇ ਦੌਰਾਨ 8 ਅਗਸਤ ਦੀ ਦੇਰ ਰਾਤ ਅਮਰੀਕਾ 'ਚ ਬੇਟੇ ਹਰਕੀਰਤ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋਣ ਦੀ ਖਬਰ ਮਿਲੀ। 

ਅਮਰੀਕਾ ਦਾ ਵੀਜ਼ਾ ਹਾਸਲ ਕਰਨ ਲਈ ਉਹ ਕੈਨੇਡੀਅਨ ਦੂਤਾਵਾਸ ਤੋਂ ਆਪਣਾ ਪਾਸਪੋਰਟ ਹਾਸਲ ਕਰਨਾ ਚਾਹੁੰਦਾ ਸੀ ਪਰ ਵਾਰ-ਵਾਰ ਗੇੜੇ ਮਾਰਨ 'ਤੇ ਵੀ ਪਾਸਪੋਰਟ ਨਾ ਮਿਲਣ ਤੋਂ ਪਰੇਸ਼ਾਨ ਹੋ ਕੇ ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਸੀ। ਉਸ ਨੇ ਦੱਸਿਆ ਕਿ 8 ਅਗਸਤ ਨੂੰ ਹਰਕੀਰਤ ਆਪਣੇ ਦੋਸਤ ਨਾਲ ਕਾਰ 'ਚ ਬਾਜ਼ਾਰ ਗਿਆ ਸੀ, ਇਸ ਦੌਰਾਨ ਉਸ ਨੂੰ ਨੀਂਦ ਆ ਰਹੀ ਸੀ। ਘਰ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਹਰਕੀਰਤ ਅਜੇ ਕੁਆਰਾ ਸੀ ਅਤੇ ਅਮਰੀਕਾ ਦੇ ਇਕ ਹੋਟਲ 'ਚ ਕੰਮ ਕਰਦਾ ਸੀ।


Related News