ਜੰਗਲ ਰਾਜ ਤੋਂ ਵੀ ਬਦਤਰ ਹੈ ''ਕੈਪਟਨ ਦਾ ਰਾਜ'' : ਰੱਖੜਾ

11/16/2019 1:08:23 AM

ਪਟਿਆਲਾ,(ਜੋਸਨ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜ਼ਿਲਾ ਪਟਿਆਲਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਪਟਿਆਲਾ ਵਿਚ ਇਸ ਸਮੇਂ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਪੁਲਸ ਥਾਣਿਆਂ ਨੂੰ ਅਫ਼ਸਰਾਂ ਦੀ ਬਜਾਏ ਕਾਂਗਰਸੀ ਆਗੂ ਚਲਾ ਰਹੇ ਹਨ। ਜ਼ਿਲੇ ਵਿਚ ਇਸ ਸਮੇਂ ਜੰਗਲ ਰਾਜ ਤੋਂ ਵੀ ਬਦਤਰ ਹਾਲਾਤ ਬਣੇ ਹੋਏ ਹਨ। ਸੁਰਜੀਤ ਰੱਖੜਾ ਅੱਜ ਇੱਥੇ ਕਾਂਗਰਸ ਅਤੇ ਪੁਲਸ ਵੱਲੋਂ ਤੰਗ ਕੀਤੇ ਹੋਏ ਪੀੜਤ ਪਰਿਵਾਰਾਂ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ. ਰੱਖੜਾ ਨੇ ਆਖਿਆ ਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਅਸੀਂ ਰੌਲਾ ਪਾ ਰਹੇ ਹਾਂ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ 'ਤੇ ਪੁਲਸ ਤਸ਼ੱਦਦ ਕਰ ਰਹੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਥੋਂ ਤੱਕ ਕਿ ਹੁਣ ਪਿੰਡ ਫਤਿਹ ਮਾਜਰੀ ਵਿਖੇ ਪੁਲਸ ਦੇ ਸਤਾਏ ਹੋਏ ਲੋਕ ਜਦੋਂ ਹਾਈ ਕੋਰਟ ਦੀ ਸ਼ਰਨ ਵਿਚ ਪੁੱਜੇ ਤਾਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਥਾਣਾ ਮੁਖੀ ਜਿੱਥੇ ਮੁਅੱਤਲ ਹੋਇਆ, ਉਥੇ ਹੀ ਦੋਸ਼ੀ ਲੋਕਾਂ ਖਿਲਾਫ਼ ਵੀ ਕੇਸ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਇਕ ਕੇਸ ਹੈ, ਅਜਿਹੇ ਹੋਰ ਦਰਜਨਾਂ ਕੇਸ ਹਨ, ਜਿਨ੍ਹਾਂ ਵਿਚ ਲੋਕ ਪੁਲਸ ਤੋਂ ਤੰਗ ਹਨ। ਹੁਣ ਸਾਰੇ ਸਬੂਤਾਂ ਸਮੇਤ ਇਨ੍ਹਾਂ ਕੇਸਾਂ ਨੂੰ ਲੈ ਕੇ ਹਾਈ ਕੋਰਟ ਦੀ ਸ਼ਰਨ ਵਿਚ ਜਾਇਆ ਜਾਵੇਗਾ।

ਰੱਖੜਾ ਨੇ ਕਿਹਾ ਕਿ ਜੂਨ 2019 ਵਿਚ ਕਾਂਗਰਸ ਦੀ ਸ਼ਹਿ ਵਾਲੇ ਵਿਅਕਤੀਆਂ ਨੇ ਇਕ ਵਿਧਵਾ ਅਤੇ ਉਸ ਦੀ 8 ਸਾਲ ਦੀ ਧੀ ਦੀ ਘਰ ਜਾ ਕੇ ਕੁੱਟ-ਮਾਰ ਕੀਤੀ। ਉਸ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਉਲਟਾ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਵਿਧਵਾ ਤੇ ਉਸ ਦੀ 8 ਸਾਲ ਦੀ ਧੀ ਨੂੰ ਧਮਕੀਆਂ ਦਿੰਦੀ ਰਹੀ। ਪੁਲਸ ਦੇ ਸੀਨੀਅਰ ਅਧਿਕਾਰੀ ਵੀ ਚੁੱਪ ਧਾਰੀ ਬੈਠੇ ਰਹੇ। ਉਨ੍ਹਾਂ ਆਖਿਆ ਕਿ ਥਾਣਾ ਮੁਖੀ ਨੂੰ ਹਾਈ ਕੋਰਟ ਦੇ ਡੰਡੇ ਦੇ ਡਰ ਤੋਂ ਮੁਅੱਤਲ ਕਰ ਕੇ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਅਜੇ ਵੀ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ। ਹੁਣ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਜਿੱਥੇ ਹਾਈ ਕੋਰਟ ਜਾਇਆ ਜਾਵੇਗਾ, ਉਥੇ ਧਰਨਾ ਵੀ ਲਾਇਆ ਜਾਏਗਾ। ਰੱਖੜਾ ਨੇ ਆਖਿਆ ਕਿ ਅਸਲ ਵਿਚ ਥਾਣਿਆਂ ਨੂੰ ਅਫ਼ਸਰ ਨਹੀਂ, ਕਾਂਗਰਸੀ ਆਗੂ ਚਲਾ ਰਹੇ ਹਨ। ਪੁਲਸ ਹਾਈ ਕੋਰਟ ਨੂੰ ਟਿੱਚ ਸਮਝ ਰਹੀ ਹੈ। ਥਾਣਾ ਮੁਖੀ ਨੂੰ ਮੁਅੱਤਲ ਕਰ ਕੇ ਸਿਰਫ਼ ਹਾਈ ਕੋਰਟ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਨੇ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ।

ਇਸ ਮੌਕੇ ਹਲਕਾ ਘਨੌਰ ਦੇ ਇੰਚਾਰਜ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ ਕੌਮੀ ਮੀਤ-ਪ੍ਰਧਾਨ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ, ਜਗਦੀਪ ਸਿੰਘ ਪਹਾੜਪੁਰ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ ਡਰੋਲਾ, ਹੈਰੀ ਮੁਖਮੇਲਪੁਰ, ਅਮਰਜੀਤ ਸਿੰਘ ਗੁਰਾਇਆ, ਅਜਮੇਰ ਸਿੰਘ ਸਾਬਕਾ ਸਰਪੰਚ ਪਸਿਆਣਾ, ਖੇਮ ਸਿੰਘ ਸਾਬਕਾ ਸਰਪੰਚ ਫਤਿਹ ਮਾਜਰੀ, ਪੀੜਤ ਵਿਧਵਾ ਹਰਵਿੰਦਰ ਕੌਰ ਤੇ ਉਸ ਦੀ 6 ਸਾਲ ਦੀ ਬੇਟੀ ਪ੍ਰਭਜੋਤ ਵੀ ਹਾਜ਼ਰ ਸਨ।


Related News