ਪੰਜਾਬ ’ਚ ਹੁਣ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਪੂਰੀ ਤਰ੍ਹਾਂ ਤਿਆਰ : ਸੁਰਜੀਤ ਰੱਖੜਾ

Wednesday, Mar 24, 2021 - 10:24 AM (IST)

ਪੰਜਾਬ ’ਚ ਹੁਣ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਪੂਰੀ ਤਰ੍ਹਾਂ ਤਿਆਰ : ਸੁਰਜੀਤ ਰੱਖੜਾ

ਪਟਿਆਲਾ (ਜੋਸਨ) : ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਲੋਕ ਇਸ ਸਮੇਂ ਪੰਜਾਬ ’ਚ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸ. ਰੱਖੜਾ ਇਥੇ ਅਕਾਲੀ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ।

ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਨੂੰ 4 ਸਾਲ ਲੋਕ ਵੇਖ ਚੁੱਕੇ ਹਨ। ਅੱਜ ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਕਿਉਂਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ 85 ਫ਼ੀਸਦੀ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਕਰਨ ਵਾਲੀ ਕਾਂਗਰਸ 5 ਫ਼ੀਸਦੀ ਵਾਅਦੇ ਵੀ ਪੂਰੇ ਨਹੀਂ ਕਰ ਸਕੀ। ਇਹ ਪੰਜਾਬ ਦੇ ਲੋਕਾਂ ਨੂੰ ਭਲੀਭਾਂਤ ਪਤਾ ਹੈ। ਰੱਖੜਾ ਨੇ ਆਖਿਆ ਕਿ ਅੱਜ ਮੌਜੂਦਾ ਰਾਜ ’ਚ ਹਰ ਚਿਹਰਾ ਪੂਰੀ ਤਰ੍ਹਾਂ ਮੁਰਝਾਇਆ ਹੋਇਆ ਹੈ ਕਿਉਂਕਿ ਹਰ ਵਰਗ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦਾ ਸਭ ਤੋਂ ਫਲਾਪ ਮੁੱਖ ਮੰਤਰੀ ਕਹਿ ਰਿਹਾ ਹੈ।

ਸ. ਰੱਖੜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੋਕ ਪਹਿਲਾਂ ਹੀ ਨਕਾਰ ਚੁਕੇ ਹਨ। ਹਰ ਚੋਣ ’ਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ’ਚ ਅਕਾਲੀ ਦਲ ਇਸ ਸਮੇਂ ਸੂਬੇ ਦੀ ਨੰਬਰ ਇਕ ਪਾਰਟੀ ਬਣ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਰਾਜ ਸੱਤਾ ’ਤੇ ਮੁੜ ਅਕਾਲੀ ਦਲ ਦੀ ਸਰਕਾਰ ਕਾਬਜ਼ ਹੋਵੇਗੀ। ਰੱਖੜਾ ਨੇ ਆਖਿਆ ਕਿ ਅਕਾਲੀ ਦਲ ਨੇ 10 ਸਾਲ ਲੋਕਾਂ ਦੀ ਸੇਵਾ ਬਾਖੂਬੀ ਕੀਤੀ, ਜਿਸ ਕਾਰਣ ਅੱਜ ਕਾਂਗਰਸ ਦੇ ਰਾਜ ’ਚ ਮੁੜ ਅਕਾਲੀ ਦਲ ਨੂੰ ਯਾਦ ਕਰਨ ਲੱਗ ਪਏ ਹਨ।
 


author

Babita

Content Editor

Related News