ਪੰਜਾਬ ਦੇ ਰੇਲਵੇ ਟਰੈਕਾਂ 'ਤੇ ਹੋਏ ਧਮਾਕਿਆਂ ਦਾ ਸਮਰਥਨ ਕਰਨ ਵਾਲਾ US ਤੋਂ ਡਿਪੋਰਟ ! NIA ਨੇ ਕੀਤਾ ਗ੍ਰਿਫ਼ਤਾਰ
Wednesday, Nov 18, 2026 - 04:30 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਰਾਸ਼ਟਰੀ ਜਾਂਚ ਏਜੰਸੀ NIA ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸੁਰਿੰਦਰ ਸਿੰਘ 'ਠੀਕਰੀਵਾਲ' ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਉਸ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਅਮਰੀਕੀ ਸਰਕਾਰ ਦੇ ਤਾਲਮੇਲ ਨਾਲ ਭਾਰਤ ਡਿਪੋਰਟ ਕੀਤਾ ਗਿਆ ਸੀ, ਜਿਸ ਮਗਰੋਂ ਉਸ ਨੂੰ NIA ਨੇ ਗ੍ਰਿਫ਼ਤਾਰ ਕਰ ਲਿਆ ਹੈ।
ਠੀਕਰੀਵਾਲ ਨੂੰ ਇਸੇ ਸਾਲ 27 ਅਪ੍ਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਾਲੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਦੀ ਰੇਲਵੇ ਲਾਈਨ 'ਤੇ ਹੋਏ ਧਮਾਕੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। NIA ਅਨੁਸਾਰ, ਇਹ ਧਮਾਕਾ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਅਤੇ KZF ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕੀਤਾ ਗਿਆ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਜਪੁਰਾ-ਸ਼ੰਭੂ ਰੇਲਵੇ ਟਰੈਕ ਧਮਾਕੇ ਤੋਂ ਬਾਅਦ ਠੀਕਰੀਵਾਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕਰਕੇ ਇਸ ਘਟਨਾ ਦੀ ਸ਼ਲਾਘਾ ਅਤੇ ਸਮਰਥਨ ਕੀਤਾ ਸੀ। ਉਸ ਨੇ ਧਮਾਕੇ ਨੂੰ ਅੰਜਾਮ ਦਿੰਦਿਆਂ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਸਮੇਤ ਉਸ ਦੇ ਸਾਥੀਆਂ ਦਾ ਪੱਖ ਪੂਰਿਆ ਸੀ। NIA ਮੁਤਾਬਕ, ਉਸ ਨੇ ਪਾਬੰਦੀਸ਼ੁਦਾ ਸੰਗਠਨ KZF ਨੂੰ 'ਕੌਮੀ ਸੰਗਠਨ' ਅਤੇ ਨਾਮਜ਼ਦ ਅੱਤਵਾਦੀ ਰਣਜੀਤ ਸਿੰਘ ਉਰਫ਼ ਨੀਟਾ ਨੂੰ 'ਕੌਮ ਦਾ ਜਰਨੈਲ' ਦੱਸਿਆ ਸੀ।
ਜਾਂਚ ਏਜੰਸੀ ਨੇ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ਅਤੇ ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਗ੍ਰਿਫ਼ਤਾਰੀ ਨਾਲ ਰਾਜਪੁਰਾ-ਸ਼ੰਭੂ ਧਮਾਕਾ ਮਾਮਲੇ 'ਚ NIA ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ 8 ਹੋ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਫੰਡਿੰਗ ਨੈੱਟਵਰਕ ਨੂੰ ਤੋੜਨ ਲਈ ਅਗਲੇਰੀ ਜਾਂਚ ਵੀ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
