2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
Wednesday, Nov 18, 2026 - 02:21 PM (IST)
ਜਲੰਧਰ (ਦਿਲਸ਼ੇਰ)-ਪੰਜਾਬ 'ਚ ਭਾਜਪਾ ਵੱਲੋਂ ਅੱਜ ਸ਼ੁਰੂ ਕੀਤੀ ਜਾ ਰਹੀ 'ਸਮਰਸਤਾ ਸੰਕਲਪ ਯਾਤਰਾ' ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਤਿਆਰੀਆਂ ਬਾਰੇ ਭਾਜਪਾ ਦੇ ਰਾਸ਼ਟਰੀ ਵਾਈਸ ਪ੍ਰਧਾਨ ਲਾਲ ਸਿੰਘ ਆਰੀਆ ਨੇ 'ਜਗ ਬਾਣੀ' ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੰਜਾਬ 'ਚ ਲਾਗੂ ਕਰਨ ਦੀ ਗੱਲ ਕੀਤੀ, ਉੱਥੇ ਹੀ ਪਿੰਡਾਂ 'ਚ ਭਾਜਪਾ ਵੱਲੋਂ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵੀ ਆਪਣੇ ਵਿਚਾਰ ਰੱਖੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
ਸਵਾਲ: ਭਾਜਪਾ ਵੱਲੋਂ ਜਲੰਧਰ ਤੋਂ 'ਸਮਰਸਤਾ ਸੰਕਲਪ ਯਾਤਰਾ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਯਾਤਰਾ ਦਾ ਮੁੱਖ ਮਕਸਦ ਕੀ ਹੈ ?
- ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਸੰਤਾਂ ਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨੂੰ ਸਮਾਜ ਵਿਚ ਲਿਜਾਉਣ ਲਈ ਕਾਰਜਸ਼ੀਲ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ ਲੈਣ ਡੇਰਾ ਸੱਚਖੰਡ ਬੱਲਾਂ ਆਏ ਤਾਂ ਉਨ੍ਹਾਂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀ ਗੱਲ ਆਖ਼ੀ ਸੀ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਵਿਚ ਭਾਜਪਾ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ। 'ਸਮਰਸਤਾ ਸੰਕਲਪ ਮੁਹਿੰਮ' ਪੂਰਾ ਸਾਲ ਮਨਾਈ ਜਾਣ ਵਾਲੀ ਮੁਹਿੰਮ ਹੈ। 18 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਯਾਤਰਾ ਦੀ ਸ਼ੁਰੂਆਤ ਕਰਵਾਉਣਗੇ ਤੇ ਇਕ ਵੱਡੀ ਸਭਾ ਨੂੰ ਸੰਬੋਧਨ ਵੀ ਕਰਨਗੇ। ਇਹ ਯਾਤਰਾ ਸਿਰਫ਼ ਪੰਜਾਬ ਵਿਚ ਨਹੀਂ ਨਿਕਲ ਰਹੀ, ਸਗੋਂ ਪੰਜਾਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ, ਹਿਮਾਚਲ, ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਜਾਵੇਗੀ। ਇਹ 16 ਦਿਨਾ ਯਾਤਰਾ 7 ਸੂਬਿਆਂ 'ਚੋਂ ਲੰਘਦੀ ਹੋਈ 2402 ਕਿੱਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੌਰਾਨ 17 ਵੱਡੀਆਂ ਸਭਾਵਾਂ ਕੀਤੀਆਂ ਜਾਣਗੀਆਂ। ਇਹ ਯਾਤਰਾ ਜਿੱਥੇ ਵੀ ਰਾਤ ਨੂੰ ਰੁਕੇਗੀ, ਅਗਲੇ ਦਿਨ ਉੱਥੇ 4 ਪ੍ਰੋਗਰਾਮ ਹੋਣਗੇ- ਸਵੱਛਤਾ ਮੁਹਿੰਮ, ਮੰਦਰ ਵਿਚ ਰਵਿਦਾਸ ਜੀ ਦੀ ਤਸਵੀਰ ਲਗਾਉਣਾ, ਐੱਸ. ਸੀ. ਭਾਈਚਾਰੇ ਨਾਲ ਸੰਵਾਦ ਅਤੇ ਸ਼ਹਿਰ ਕ੍ਰਾਂਤੀਕਾਰੀ ਦੀ ਪ੍ਰਤੀਮਾ 'ਤੇ ਫੁੱਲਾਂ ਦੇ ਹਾਰ ਭੇਟ ਕੀਤੇ ਜਾਣਗੇ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
ਸਵਾਲ: ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪੰਜਾਬ ਵਿੱਚ ਕੀ ਰਣਨੀਤੀ ਹੈ?
- ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਰਣਨੀਤੀ ਬਣਾ ਰਹੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਵੀ ਪਹਿਲਾਂ ਉਮੀਦਵਾਰ ਐਲਾਨੇ ਸੀ, ਕਾਂਗਰਸ ਨੇ 2014 ਤੋਂ ਬਹੁਤ ਹਥਕੰਡੇ ਅਪਨਾਏ ਪਰ ਲੋਕਾਂ ਨੇ ਉਨ੍ਹਾਂ ਨੂੰ ਨਹੀਂ ਜਿਤਾਇਆ। ਪੰਜਾਬ ਦੀ ਜਨਤਾ ਆਸ ਭਰੀਆਂ ਨਜ਼ਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਵੱਲ ਵੇਖ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2029 ਤਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਵਿੱਕ ਰਿਹਾ ਹੈ, ਥਾਣਿਆਂ 'ਤੇ ਹਮਲੇ ਹੋ ਰਹੇ ਹਨ, ਡਾ. ਬੀ. ਆਰ. ਅੰਬੇਡਕਰ ਦੀਆਂ ਪ੍ਰਤੀਮਾਵਾਂ ਖੰਡਿਤ ਕੀਤੀਆਂ ਜਾ ਰਹੀਆਂ ਹਨ, ਪੇਪਰ ਲੀਕ ਹੋ ਰਹੇ ਹਨ। ਪੰਜਾਬ ਦੀ ਜਨਤਾ ਇਨ੍ਹਾਂ ਦੇ ਦੋਹਰੇ ਚਿਹਰੇ ਨੂੰ ਜਾਣ ਚੁੱਕੀ ਹੈ। ਪੰਜਾਬ ਦਾ ਭਵਿੱਖ ਭਾਰਤੀ ਜਨਤਾ ਪਾਰਟੀ ਹੈ ਤੇ ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਡਬਲ ਇੰਜਣ ਸਰਕਾਰ ਬਣੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ
ਸਵਾਲ: ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ ਜਾਂ ਅਕਾਲੀ ਦਲ ਜਾਂ ਕਿਸੇ ਹੋਰ ਖੇਤਰੀ ਦਲ ਨਾਲ ਗਠਜੋੜ ਦੀ ਕੋਈ ਸੰਭਾਵਨਾ ਹੈ?
- ਸਾਡੀ ਕੌਮੀ ਲੀਡਰਸ਼ਿਪ ਨੇ ਬੜਾ ਸਪਸ਼ਟ ਆਖ਼ਿਆ ਹੈ ਕਿ ਅਸੀਂ ਇਕੱਲਿਆਂ ਚੋਣ ਲੜਾਂਗੇ, ਪਰ ਸਿਆਸਤ ਵਿਚ ਸੰਭਾਵਨਾ ਕਦੇ ਵੀ ਖ਼ਤਮ ਨਹੀਂ ਹੁੰਦੀ। ਪਿਛਲੇ 10 ਸਾਲਾਂ ਵਿਚ ਭਾਜਪਾ ਨੇ ਆਪਣੇ ਵਰਕਰਾਂ ਨੂੰ ਏਜੰਡੇ ਦੇ ਨਾਲ ਲੋਕਾਂ ਦੇ ਵਿਚ ਪਹੁੰਚੇ ਹਨ ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ ਹੈ। ਖ਼ਾਸ ਤੌਰ 'ਤੇ ਬੰਗਾਲ ਤੇ ਓਡੀਸ਼ਾ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਆਮ ਜਨਤਾ ਵਿਚ ਵੀ ਇਹ ਚਰਚਾ ਹੈ ਕਿ ਅਸੀਂ ਵੀ ਭਾਜਪਾ ਨੂੰ ਮੌਕਾ ਦਿੱਤਾ ਜਾਵੇ। ਭਾਜਪਾ ਦੀ ਸਰਕਾਰ ਬਣਨ 'ਤੇ ਪੰਜਾਬ ਵੀ ਸ਼ਾਂਤੀ ਦਾ ਟਾਪੂ ਬਣੇਗਾ।
ਸਵਾਲ: ਪਿੰਡਾਂ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਤੁਹਾਡੇ ਕੋਲ ਕੀ ਰੋਡਮੈਪ ਹੈ?
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਹਨ। ਇਨ੍ਹਾਂ ਯਤਨਾਂ ਸਦਕਾ 50 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। ਇੱਥੇ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਮੋਦੀ ਦੇ ਦਿਮਾਗ ਵਿਚ ਇਕ ਵੱਡਾ ਰੋਡਮੈਪ ਹੈ। ਉਹ ਲਗਾਤਾਰ ਸਾਡੀਆਂ ਏਜੰਸੀਆਂ, ਵਿਸ਼ਾ ਮਾਹਰਾਂ ਨਾਲ ਬੈਠ ਕੇ ਇਸ ਬਾਰੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ। ਭਾਰਤੀ ਜਨਤਾ ਪਾਰਟੀ ਦਾ ਇਹ ਮਿਸ਼ਨ ਹੈ ਕਿ ਪੰਜਾਬ ਪਹਿਲਾਂ ਵਾਂਗ ਨੰਬਰ 1 ਖੇਤੀਬਾੜੀ ਸੂਬਾ ਬਣੇ।
ਸਵਾਲ: ਪੰਜਾਬ ਵਿੱਚ ਕਾਂਗਰਸ ਅਤੇ 'ਆਪ' ਵੱਲੋਂ ਦਲਿਤ ਭਾਈਚਾਰੇ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਤੁਹਾਡੇ ਮੁਤਾਬਕ ਕੀ ਹੈ?
- ਇਹ ਸਾਰੇ ਕੱਟੜ ਦਲਿਤ ਵਿਰੋਧੀ, ਸੰਵਿਧਾਨ ਅਤੇ ਗਰੀਬ ਵਿਰੋਧੀ ਹਨ। ਇਨ੍ਹਾਂ ਨੇ ਸੱਤਾ ਵਿਚ ਰਹਿੰਦਿਆਂ ਦਲਿਤਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਜਿਹੜੀਆਂ ਸਕੀਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੁਣ ਚਲਾ ਰਹੀ ਹੈ, ਉਨ੍ਹਾਂ ਨੂੰ ਇਨ੍ਹਾਂ ਨੇ ਸਰਕਾਰ ਹੁੰਦਿਆਂ ਕਿਉਂ ਨਹੀਂ ਚਲਾਇਆ।
ਸਵਾਲ: ਵਿਰੋਧੀ ਧਿਰਾਂ ਅਕਸਰ ਇਲਜ਼ਾਮ ਲਗਾਉਂਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ਵਿਤਕਰਾ ਕਰਦੀ ਹੈ। ਕੀ ਕਹੋਗੇ?
- ਜਿਹੜੇ-ਜਿਹੜੇ ਸੂਬੇ ਵਿਚ ਵੀ ਆਮ ਆਦਮੀ ਪਾਰਟੀ, ਕਾਂਗਰਸ ਜਾਂ ਇੰਡੀਆ ਗੱਠਜੋੜ ਦੀ ਸਰਕਾਰ ਹੈ, ਉੱਥੇ ਕੁਦਰਤੀ ਆਫ਼ਤਾਂ ਵਿਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੈਸੇ ਦਿੱਤੇ ਹਨ। ਬੰਗਾਲ ਵਿਚ ਕਿਸਾਨ ਸਨਮਾਨ ਨਿਧੀ, ਆਯੁਸ਼ਮਾਨ ਕਾਰਡ ਆਦਿ ਉਥੋਂ ਦੀ ਸਰਕਾਰ ਵਲੋਂ ਰੋਕ ਦਿੱਤੇ ਗਏ। ਇਸੇ ਤਰ੍ਹਾਂ ਪੰਜਾਬ ਵਿਚ ਵੀ ਇਹ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਨਹੀਂ ਚਲਾਉਂਦੇ। ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਦਿਆਂ ਹੀ ਸਾਰੀਆਂ ਯੋਜਨਾਵਾਂ ਗਰਾਊਂਡ ਲੈਵਲ ਤਕ ਪਹੁੰਚ ਗਈਆਂ ਹਨ ਤੇ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਹੀ ਲੋਕ ਭਲਾਈ ਸਕੀਮਾਂ ਨੂੰ ਪੂਰੀ ਤਾਕਤ ਦੇ ਨਾਲ ਲਾਗੂ ਕੀਤਾ ਜਾਵੇਗਾ।
ਸਵਾਲ: ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਲਾਇਨ ਅਤੇ ਨਸ਼ਿਆਂ ਨੂੰ ਰੋਕਣ ਲਈ ਕਈ ਯੋਜਨਾ ਹੈ?
- ਕਾਂਗਰਸ ਤੇ 'ਆਪ' ਸਰਕਾਰ ਵਿਚ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਕੋਈ ਪ੍ਰੋਗਰਾਮ ਨਹੀਂ ਸੀ। ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਸਟਾਰਟ-ਅੱਪ ਇੰਡੀਆ, ਕੌਸ਼ਲ ਵਿਕਾਸ ਜਿਹੀਆਂ ਯੋਜਨਾਵਾਂ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮੰਗਣ ਵਾਲੇ ਨਹੀਂ, ਸਗੋਂ ਰੋਜ਼ਗਾਰ ਦੇਣ ਵਾਲੇ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵੀ ਅਜਿਹੀਆਂ ਯੋਜਨਾਵਾਂ ਚਲਾਈਆਂ ਜਾਣਗੀਆਂ। ਇੱਥੇ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਜਾਣਬੁੱਝ ਕੇ ਨਸ਼ੇ ਵੱਲ ਧੱਕ ਦਿੱਤਾ, ਤਾਂ ਜੋ ਇਨ੍ਹਾਂ ਨੂੰ ਨੌਕਰੀਆਂ ਨਾ ਦੇਣੀਆਂ ਪੈਣ। ਜੇਕਰ ਪੰਜਾਬ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਫੜ ਲਿਆ ਜਾਵੇ ਤਾਂ ਨਸ਼ਾ ਰਹੇਗਾ ਹੀ ਨਹੀਂ।
ਸਵਾਲ: ਤੁਸੀਂ ਮੱਧ ਪ੍ਰਦੇਸ਼ ਸਰਕਾਰ ਵਿੱਚ ਦੇਸ਼ ਦੇ ਪਹਿਲੇ 'ਖੁਸ਼ਹਾਲੀ ਮੰਤਰੀ' ਵੀ ਰਹੇ ਹੋ। ਅੱਜ ਪੰਜਾਬ ਦੇ ਚਿਹਰੇ 'ਤੇ ਖੁਸ਼ਹਾਲੀ ਵਾਪਸ ਲਿਆਉਣ ਲਈ ਤੁਹਾਡਾ ਕੀ ਫਾਰਮੂਲਾ ਹੈ?
- ਜਦੋਂ ਗਰੀਬ ਦਾ ਕਲਿਆਣਾ ਹੁੰਦਾ ਹੈ, ਲੋਕਾਂ ਦੇ ਕੋਲ ਪੈਸਾ ਹੁੰਦਾ ਹੈ ਤਾਂ ਲੋਕਾਂ ਦੇ ਮਨ ਵਿਚ ਖ਼ੁਸ਼ੀ ਹੁੰਦੀ ਹੈ। ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਸਾਢੇ 4 ਕਰੋੜ ਲੋਕਾਂ ਨੂੰ ਘਰ ਮਿਲਿਆ ਹੈ, ਜਦੋਂ ਲੋਕਾਂ ਦਾ ਬਿਨਾਂ ਕਿਸੇ ਪੈਸੇ ਦੇ ਇਲਾਜ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਚਿਹਰੇ 'ਤੇ ਖੁਸ਼ਹਾਲੀ ਆਉਂਦੀ ਹੈ। ਸਾਡੇ ਕੋਲ ਇਕ ਨਹੀਂ ਸਗੋਂ ਕਈ ਅਜਿਹੇ ਮੰਤਰ ਹਨ ਜਿਹੜੇ ਹਰ ਕਿਸੇ ਦੇ ਚਿਹਰੇ 'ਤੇ ਮੁਸਕੁਰਾਹਟ ਲਿਆ ਸਕਦੇ ਹਨ।
ਇਹ ਵੀ ਪੜ੍ਹੋ: ਅਕਾਲੀ ਦਲ 'ਚ ਘਰ ਵਾਪਸੀ ਮਗਰੋਂ ਬੀਬੀ ਜਗੀਰ ਕੌਰ ਨੂੰ ਸੁਖਬੀਰ ਬਾਦਲ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
