ਪਾਕਿ ਤੋਂ ਲੂਣ ਦੇ ਬਹਾਨੇ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਸਪਲੀਮੈਂਟਰੀ ਚਾਰਜਸ਼ੀਟ ਦਰਜ

Friday, May 29, 2020 - 12:09 PM (IST)

ਪਾਕਿ ਤੋਂ ਲੂਣ ਦੇ ਬਹਾਨੇ 532 ਕਿੱਲੋਗ੍ਰਾਮ ਹੈਰੋਇਨ ਮਾਮਲੇ ’ਚ ਸਪਲੀਮੈਂਟਰੀ ਚਾਰਜਸ਼ੀਟ ਦਰਜ

ਮੋਹਾਲੀ (ਰਾਣਾ) : ਪਾਕਿਸਤਾਨ ਤੋਂ ਲੂਣ ਦੇ ਬਹਾਨੇ 532 ਕਿੱਲੋਗ੍ਰਾਮ ਹੈਰੋਇਨ ਮੰਗਵਾਉਣ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਕੜੀ 'ਚ ਵੀਰਵਾਰ ਨੂੰ ਇਕ ਮੁਲਜ਼ਮ ਅਮਿਤ ਗੰਭੀਰ ਉਰਫ ਬੌਬੀ ਉਰਫ ਬਬਲੂ ਨਿਵਾਸੀ ਅੰਮ੍ਰਿਤਸਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਮੋਹਾਲੀ ਦੀ ਵਿਸ਼ੇਸ਼ ਅਦਾਲਤ 'ਚ ਫਾਇਲ ਕੀਤੀ ਗਈ। ਮੁਲਜ਼ਮ ’ਤੇ ਅਨਲਾਫੁਲ ਐਕਟੀਵਿਟੀ ਅਤੇ ਨਾਰਕੋਟਿਕਸ ਡਰੱਗਸ ਐਂਡ ਸਾਇਕੋਟਰਾਪਿਕ ਸਮੇਤ ਕਈ ਧਾਰਾਵਾਂ ਤਹਿਤ ਚਾਰਜਸ਼ੀਟ ਫਾਇਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਦਸੰਬਰ 'ਚ 16 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਫਾਇਲ ਕੀਤੀ ਗਈ ਸੀ।

ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਐੱਨ. ਆਈ. ਏ. ਨੇ ਅੰਮ੍ਰਿਤਸਰ ਨਿਵਾਸੀ ਅਮਿਤ ਗੰਭੀਰ ਨੂੰ ਜਨਵਰੀ 'ਚ ਗ੍ਰਿਫਤਾਰ ਕੀਤਾ ਸੀ। ਐੱਨ. ਆਈ. ਏ. ਦੇ ਸੂਤਰਾਂ ਦੀ ਮੰਨੀਏ ਤਾਂ ਇਹ ਮੁਲਜ਼ਮ ਕਾਫ਼ੀ ਚਲਾਕ ਹੈ, ਜਦੋਂ ਕਿ ਇਸ ਸਾਰੇ ਖੇਡ 'ਚ ਸ਼ਾਮਲ ਲੋਕਾਂ ਦਾ ਟੀਚਾ ਭਾਰਤ 'ਚ ਅਸ਼ਾਂਤੀ ਫੈਲਾਉਣਾ ਸੀ, ਉੱਥੇ ਹੀ, ਇਸ 'ਚ ਕਈ ਦੇਸ਼ਾਂ ਦੇ ਲੋਕ ਸ਼ਾਮਲ ਹਨ। ਇਹੀ ਨਹੀਂ ਪਾਕਿਸਤਾਨ ਨਾਲ ਇਹ ਕੇਸ ਸਿੱਧਾ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਮੁਲਜ਼ਮ ਦਾ ਉੱਥੇ ਲੈਣ ਦੇਣ ਤੱਕ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਕੇਸ 'ਚ ਆਉਣ ਵਾਲੇ ਸਮੇਂ 'ਚ ਇਕ ਹੋਰ ਚਾਰਜਸ਼ੀਟ ਫਾਇਲ ਹੋਵੇਗੀ ।
ਹੁਣ ਚੀਤਾ ਖੋਲ੍ਹੇਗਾ ਰਾਜ
ਸੂਤਰਾਂ ਮੁਤਾਬਕ ਐੱਨ. ਆਈ. ਏ., ਪੰਜਾਬ ਪੁਲਸ ਅਤੇ ਹਰਿਆਣਾ ਪੁਲਸ ਨੇ ਕੁੱਝ ਦਿਨ ਪਹਿਲਾਂ ਇਕ ਮੋਸਟ ਵਾਂਟੇਡ ਗੈਂਗਸਟਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਹਰਿਆਣਾ ਤੋਂ ਦਬੋਚਿਆ ਹੈ। ਉਹ ਵੀ ਗਿਰੋਹ 'ਚ ਸ਼ਾਮਲ ਸੀ। ਪਹਿਲਾਂ ਉਹ ਪੰਜਾਬ ਪੁਲਸ ਦੇ ਰਿਮਾਂਡ ’ਤੇ ਚੱਲ ਰਿਹਾ ‌ਸੀ ਉੱਥੇ ਹੀ, ਹੁਣ ਉਸ ਨੂੰ ਐੱਨ. ਆਈ. ਏ. ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ ।


 


author

Babita

Content Editor

Related News