ਕਿਸਾਨਾਂ ਦੇ ਮਸਲੇ ’ਤੇ ਟੁੱਟੀ ਸੰਨੀ ਦਿਓਲ ਦੀ ਚੁੱਪੀ, ਦੀਪ ਸਿੱਧੂ ਨੂੰ ਲੈ ਕੇ ਆਖੀ ਵੱਡੀ ਗੱਲ

12/06/2020 8:26:07 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਗੁਰਦਾਸ ਤੋਂ ਐੱਮ. ਪੀ. ਸੰਨੀ ਦਿਓਲ ਨੇ ਆਖਿਰਕਾਰ ਕਿਸਾਨਾਂ ਦੇ ਮਸਲੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸੰਨੀ ਦਿਓਲ ਕਿਸਾਨ ਧਰਨਿਆਂ ’ਤੇ ਸ਼ੁਰੂ ਤੋਂ ਹੀ ਕੁਝ ਬੋਲਣ ਤੋਂ ਬੱਚਦੇ ਰਹੇ ਹਨ ਤੇ ਹੁਣ ਉਨ੍ਹਾਂ ਨੇ ਇਸ ਮਸਲੇ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ।

ਸੰਨੀ ਦਿਓਲ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਲਿਖਿਆ, ‘ਮੇਰੀ ਪੂਰੀ ਦੁਨੀਆ ਨੂੰ ਬੇਨਤੀ ਹੈ ਕਿ ਇਹ ਕਿਸਾਨ ਤੇ ਸਾਡੀ ਸਰਕਾਰ ਦਾ ਮਾਮਲਾ ਹੈ। ਇਸ ਵਿਚਾਲੇ ਕੋਈ ਵੀ ਨਾ ਆਵੇ ਕਿਉਂਕਿ ਦੋਵੇਂ ਆਪਸ ’ਚ ਗੱਲਬਾਤ ਕਰਕੇ ਇਸ ਦਾ ਹੱਲ ਕੱਢਣਗੇ। ਮੈਂ ਜਾਣਦਾ ਹਾਂ ਕਈ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਤੇ ਉਹ ਲੋਕ ਅੜਚਨ ਪਾ ਰਹੇ ਹਨ। ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚ ਰਹੇ, ਉਨ੍ਹਾਂ ਦਾ ਆਪਣਾ ਹੀ ਖੁਦ ਦਾ ਕੋਈ ਸੁਆਰਥ ਹੋ ਸਕਦਾ ਹੈ।’

ਸੰਨੀ ਦਿਓਲ ਸਿਰਫ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਚੋਣਾਂ ਦੌਰਾਨ ਪੰਜਾਬ ’ਚ ਪੂਰਾ ਲੇਖਾ-ਜੋਖਾ ਦੇਖਣ ਵਾਲੇ ਆਪਣੇ ਸਾਥੀ ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਕਿਹਾ, ‘ਦੀਪ ਸਿੱਧੂ ਜੋ ਚੋਣਾਂ ਸਮੇਂ ਮੇਰੇ ਨਾਲ ਸੀ, ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਹਿ ਰਿਹਾ ਹੈ ਤੇ ਕਰ ਰਿਹਾ ਹੈ, ਉਹ ਖੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਬਾਰੇ ਹੀ ਸੋਚਿਆ ਹੈ ਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਸਹੀ ਨਤੀਜੇ ’ਤੇ ਪਹੁੰਚੇਗੀ।’

ਦੱਸਣਯੋਗ ਹੈ ਕਿ 2 ਦਸੰਬਰ ਨੂੰ ਇਕ ਟਵੀਟ ਰਾਹੀਂ ਸੰਨੀ ਦਿਓਲ ਨੇ ਇਹ ਵੀ ਦੱਸਿਆ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਆਏ ਹਨ ਤੇ ਘਰ ’ਚ ਕੁਆਰਨਟੀਨ ਹਨ। ਸੰਨੀ ਦਿਓਲ ਨੇ ਲਿਖਿਆ ਸੀ, ‘ਮੈਂ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਇਕਾਂਤਵਾਸ ’ਚ ਹਾਂ ਤੇ ਮੇਰੀ ਸਿਹਤ ਠੀਕ ਹੈ। ਮੇਰੀ ਬੇਨਤੀ ਹੈ ਕਿ ਤੁਹਾਡੇ ’ਚੋਂ ਜੋ ਵੀ ਲੋਕ ਬੀਤੇ ਕੁਝ ਦਿਨਾਂ ਤੋਂ ਮੇਰੇ ਸੰਪਰਕ ’ਚ ਆਏ ਸਨ, ਕਿਰਪਾ ਖੁਦ ਨੂੰ ਆਈਸੋਲੇਟ ਕਰਕੇ ਆਪਣੀ ਜਾਂਚ ਕਰਵਾਉਣ।’

ਨੋਟ– ਸੰਨੀ ਦਿਓਲ ਦੇ ਕਿਸਾਨਾਂ ਲਈ ਕੀਤੇ ਇਸ ਟਵੀਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News