ਸੰਨੀ ਦਿਓਲ ਨਾਲ ਜੁੜਿਆ ਇਕ ਹੋਰ ਵਿਵਾਦ, ਮਾਮਲਾ ਪੁੱਜਾ ਸ੍ਰੀ ਅਕਾਲ ਤਖ਼ਤ ਸਾਹਿਬ

Thursday, May 09, 2019 - 01:05 PM (IST)

ਸੰਨੀ ਦਿਓਲ ਨਾਲ ਜੁੜਿਆ ਇਕ ਹੋਰ ਵਿਵਾਦ, ਮਾਮਲਾ ਪੁੱਜਾ ਸ੍ਰੀ ਅਕਾਲ ਤਖ਼ਤ ਸਾਹਿਬ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ 2 ਮਈ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ 'ਚ ਨਤਮਸਤਕ ਹੋਣ ਸਮੇਂ ਕੁਝ ਲੋਕਾਂ ਵਲੋਂ ਗੁਰਦੁਆਰੇ ਦੀ ਮਰਿਆਦਾ ਭੰਗ ਕਰਨ ਦੇ ਕਾਰਨ ਸਿੱਖ ਸੰਗਠਨਾਂ ਨੇ ਵਿਰੋਧ ਕੀਤਾ ਸੀ। ਦੱਸ ਦਈਏ ਕਿ ਹੁਣ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਅਨੁਸਾਰ ਕੁਝ ਲੋਕਾਂ ਨੇ ਇਸ ਸਬੰਧੀ ਸ਼ਿਕਾਇਤ ਦੇ ਕੇ ਸੰਨੀ ਦਿਓਲ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਰ ਹੁਣ ਉਹ ਇਸ ਸਬੰਧੀ ਕੋਈ ਸਬੂਤ ਨਹੀਂ ਦੇ ਸਕੇ ਹਨ। ਅੰਤਿਮ ਫੈਸਲਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਲਿਆ ਜਾਵੇਗਾ।

ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ 2 ਮਈ ਨੂੰ ਹੀ ਜਥੇਦਾਰ ਸੁਖਵਿੰਦਰ ਸਿੰਘ ਅਗਵਾਨ ਮੁੱਖ ਸੇਵਾਦਾਰ ਯਾਦਗਾਰ-ਏ-ਸ਼ਹੀਦਾਂ ਨੇ ਦੋਸ਼ ਲਾਇਆ ਸੀ ਕਿ ਜਿਵੇਂ ਹੀ ਸੰਨੀ ਦਿਓਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ 'ਚ ਆਏ ਸੀ ਤਾਂ ਉਦੋਂ ਉਸ ਦੇ ਕਈ ਸਾਥੀ ਨੰਗੇ ਸਿਰ ਅਤੇ ਕੁਝ ਸਾਥੀ ਚੱਪਲ ਪਾ ਕੇ  ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਗਏ ਸਨ ਅਤੇ ਪਰਿਕਰਮਾ 'ਚ ਵੇਖੇ ਗਏ।

ਸਿੱਖ ਨੇਤਾ ਭਗਵੰਤ ਸਿੰਘ ਹਰੂਵਾਲ, ਬਾਪੂ ਅਤਰ ਸਿੰਘ ਹਰੂਵਾਲ ਆਦਿ ਨੇ ਵੀ ਮਰਿਆਦਾ ਭੰਗ ਕਰਨ ਦੀ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਸੀ ਪਰ ਹੁਣ ਕਲਗੀਧਰ ਗਤਕਾ ਅਖਾੜਾ ਬਟਾਲਾ ਦੇ ਮੁੱਖ ਸੇਵਾਦਾਰ ਰਛਪਾਲ ਸਿੰਘ ਨੇ ਵੀ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਸੰਨੀ ਦਿਓਲ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ ਹੈ,  
ਇਹ ਮੰਗ-ਪੱਤਰ ਪ੍ਰਾਪਤ ਕਰ ਕੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦਿੱਤਾ ਸੀ ਕਿ ਇਹ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤਾ ਜਾਵੇਗਾ ਪਰ   ਉਨ੍ਹਾਂ ਨੇ ਇਸ ਸ਼ਿਕਾਇਤ ਸਬੰਧੀ ਹੋਰ ਸਬੂਤ ਮੁਹੱਈਆ ਕਰਵਾਉਣ ਦੀ ਗੱਲ ਵੀ ਪ੍ਰਤੀਨਿਧੀ ਮੰਡਲ ਨਾਲ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਵੀ ਸੰਨੀ ਦਿਓਲ ਵਿਵਾਦਾਂ 'ਚ ਫਸ ਚੁੱਕੇ ਹਨ। ਸੰਨੀ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਗੁਰਦੁਆਰਾ ਡੇਰਾ ਸਾਹਿਬ ਤੋਂ ਮਿਲੇ ਸਿਰੋਪਾ ਦੀ ਬੇਅਦਬੀ ਕਰਦਿਆਂ ਉਸ ਨੂੰ ਗਲੇ 'ਚੋਂ ਲਾਹ ਕੇ ਪੈਰਾਂ 'ਚ ਰੱਖ ਲਿਆ ਅਥੇ ਸਿਰੋਪੇ ਦੇ ਨਾਲ ਹੀ ਜਗ੍ਹਾਂ ਸਾਫ ਕਰਕੇ ਬੈਠ ਗਏ ਸਨ। 


author

Anuradha

Content Editor

Related News