ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ, ਮਾਮਲਾ ਕਰੇਗਾ ਹੈਰਾਨ
Monday, Nov 23, 2026 - 07:30 PM (IST)
ਭੋਗਪੁਰ (ਸੂਰੀ)-ਭੋਗਪੁਰ ਸਬ-ਤਹਿਸੀਲ ਵਿਚ ਜ਼ਮੀਨੀ ਵਿਵਾਦ ਨਾਲ ਜੁੜੇ ਇਕ ਪੁਰਾਣੇ ਮਾਮਲੇ ਵਿਚ ਅਦਾਲਤੀ ਰਿਕਾਰਡ ਨਾਲ ਕਥਿਤ ਛੇੜਛਾੜ, ਅਸਲ ਉੱਪ-ਹੁਕਮ ਗਾਇਬ ਕਰਨ ਅਤੇ ਫ਼ਰਜ਼ੀ ਹੁਕਮ ਤਿਆਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਭੋਗਪੁਰ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਸਾਬਕਾ ਨਾਇਬ ਤਹਿਸੀਲਦਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿਚ ਐੱਸ. ਡੀ. ਐੱਮ., ਰੀਡਰ ਅਤੇ ਮੁਲਾਜ਼ਮਾਂ ਦੀ ਭੂਮਿਕਾ ’ਤੇ ਸਵਾਲ ਉਠਾਏ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਾਣਕਾਰੀ ਮੁਤਾਬਕ ਇਹ ਮਾਮਲਾ ਪਿੰਡ ਲੜੋਈ ਨਿਵਾਸੀ ਸੁਖਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਦੀ ਸ਼ਿਕਾਇਤ ਨਾਲ ਸਬੰਧਤ ਹੈ। ਸ਼ਿਕਾਇਤ ਕਰਤਾ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦੀਵਾਨੀ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਗਈ। ਜਾਂਚ ਰਿਪੋਰਟ ਵਿਚ ਜ਼ਮੀਨ ਦੀ ਵੰਡ ਨਾਲ ਸਬੰਧਤ ਅਦਾਲਤੀ ਫਾਈਲ ਵਿਚ ਸਾਲ 2018 ਅਤੇ 2019 ਦੌਰਾਨ ਪਾਸ ਕੀਤੇ ਗਏ ਕਈ ਹੁਕਮਾਂ ਵਿਚ ਕਥਿਤ ਬੇਨਿਯਮੀਆਂ ਅਤੇ ਹੇਰਾਫੇਰੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। ਸ਼ਿਕਾਇਤ ਕਰਤਾ ਦੇ ਦੋਸ਼ਾਂ ਮੁਤਾਬਕ ਸਾਲ 2019 ਵਿਚ ਜਲੰਧਰ-2 ਦੇ ਸਬ-ਡਿਵੀਜ਼ਨ ਕਮਿਸ਼ਨਰ ਦੀ ਅਦਾਲਤ ਵਿਚ ਉਸ ਦੀ ਅਪੀਲ ਪੈਂਡਿੰਗ ਸੀ। ਇਸ ਦੌਰਾਨ ਕਥਿਤ ਤੌਰ ’ਤੇ ਸੁਣਵਾਈ ਦੀ ਤੈਅ ਤਾਰੀਖ਼ ਵਿਚ ਬਦਲਾਅ ਕਰਕੇ ਉਸ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ। ਇਸ ਤੋਂ ਬਾਅਦ ਮਾਮਲਾ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਦੇ ਸਾਹਮਣੇ ਪਹੁੰਚਿਆ, ਜਿੱਥੇ 8 ਜੂਨ 2021 ਨੂੰ ਹੁਕਮ ਪਾਸ ਕਰਕੇ ਪਹਿਲਾਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ਲਈ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ, 1 ਦਸੰਬਰ ਨੂੰ ਆਵੇਗਾ ਵਾਪਸ
ਪ੍ਰਸ਼ਾਸਨਿਕ ਜਾਂਚ ਦੌਰਾਨ ਸਬ-ਡਿਵੀਜ਼ਨ ਕਮਿਸ਼ਨਰ ਦਫ਼ਤਰ ਅਤੇ ਨਾਇਬ ਤਹਿਸੀਲਦਾਰ ਭੋਗਪੁਰ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਰਿਪੋਰਟ ਵਿਚ ਕਈ ਅਦਾਲਤੀ ਹੁਕਮਾਂ ਵਿਚ ਦੁਹਰਾਅ, ਅਸਲ ਹੁਕਮਾਂ ਦੀ ਥਾਂ ’ਤੇ ਨਵੇਂ ਹੁਕਮ ਲਾਏ ਜਾਣ ਅਤੇ ਰਿਕਾਰਡ ਵਿਚ ਕਥਿਤ ਹੇਰਾਫੇਰੀ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਇਸ ਮਾਮਲੇ ਵਿਚ ਤਤਕਾਲੀ ਐੱਸ. ਡੀ. ਐੱਮ. ਪਰਮਵੀਰ ਸਿੰਘ, ਉਨ੍ਹਾਂ ਦੇ ਰੀਡਰ ਭੁਪਿੰਦਰ ਸਿੰਘ, ਤਤਕਾਲੀ ਨਾਇਬ ਤਹਿਸੀਲਦਾਰ ਗੁਰਪਾਲ ਸਿੰਘ ਅਤੇ ਸਬੰਧਤ ਮੁਲਾਜ਼ਮਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿਚ ਆਈ ਹੈ। ਇਹ ਵਿਵਾਦ ਭੋਗਪੁਰ ਨਗਰ ਕੌਂਸਲ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਲਈ ਖ਼ਰੀਦੀ ਗਈ ਲਗਭਗ ਡੇਢ ਏਕੜ ਜ਼ਮੀਨ ਨਾਲ ਵੀ ਜੁੜਿਆ ਹੋਇਆ ਹੈ। ਉਕਤ ਜ਼ਮੀਨ ਲਗਭਗ 69 ਲੱਖ ਰੁਪਏ ਵਿਚ ਖ਼ਰੀਦੀ ਗਈ ਸੀ, ਜਿਸ ਦੀ ਰਜਿਸਟਰੀ 21 ਦਸੰਬਰ 2016 ਨੂੰ ਹੋਈ ਸੀ। ਬਾਅਦ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਅਤੇ ਮਾਮਲਾ ਮਾਲ ਅਦਾਲਤਾਂ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: ਪੰਜਾਬ: ਰੇਲਵੇ ਸਟੇਸ਼ਨ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼, ਹਾਲਤ ਵੇਖ ਪੁਲਸ ਵੀ ਰਹਿ ਗਈ ਹੈਰਾਨ
ਜਾਂਚ ਰਿਪੋਰਟ ਵਿਚ ਅਦਾਲਤੀ ਰਿਕਾਰਡ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਥਿਤ ਬੇਨਿਯਮੀਆਂ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਸਹਾਇਕ ਸੂਚਨਾ ਅਧਿਕਾਰੀ ਕਰਨੈਲ ਸਿੰਘ ਨੂੰ ਸੌਂਪੀ ਹੈ। ਹੁਣ ਪੁਲਸ ਜਾਂਚ ਵਿਚ ਇਹ ਸਪੱਸ਼ਟ ਹੋਵੇਗਾ ਕਿ ਰਿਕਾਰਡ ਵਿਚ ਕਥਿਤ ਹੇਰਾਫੇਰੀ ਕਿਸ ਪੱਧਰ ’ਤੇ ਹੋਈ ਅਤੇ ਇਸ ਵਿਚ ਕਿਹੜੇ-ਕਿਹੜੇ ਲੋਕਾਂ ਦੀ ਭੂਮਿਕਾ ਰਹੀ।
ਇਹ ਵੀ ਪੜ੍ਹੋ: 557ਵੇਂ ਪ੍ਰਕਾਸ਼ ਪੁਰਬ ਮੌਕੇ ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
