ਸੁਨੀਲ ਜਾਖੜ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ!
Thursday, Aug 29, 2019 - 08:08 PM (IST)
ਜਲੰਧਰ (ਧਵਨ)– ਸੁਨੀਲ ਜਾਖੜ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਪਾਰਟੀ ਸੂਤਰਾਂ ਨੇ ਵੀਰਵਾਰ ਦੱਸਿਆ ਕਿ ਜਾਖੜ ਨੇ ਸੋਨੀਆ ਗਾਂਧੀ ਨਾਲ ਬੈਠਕ ਕੀਤੀ, ਜਿਸ ਦੌਰਾਨ ਸੋਨੀਆ ਨੇ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ ਲਈ ਸੰਕੇਤ ਦਿੱਤੇ। ਸੋਨੀਆ ਵਲੋਂ ਸਿਰਫ ਰਾਹੁਲ ਗਾਂਧੀ ਦੇ ਕੇਰਲ ਦੌਰੇ ਤੋਂ ਵਾਪਸ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਸੋਨੀਆ ਰਾਹੁਲ ਨਾਲ ਚਰਚਾ ਕਰਨ ਪਿੱਛੋਂ ਜਾਖੜ ਨੂੰ ਰਸਮੀ ਤੌਰ ’ਤੇ ਪ੍ਰਧਾਨ ਵਜੋਂ ਕੰਮ ਕਰਨ ਲਈ ਨਿਰਦੇਸ਼ ਜਾਰੀ ਕਰ ਦੇਵੇਗੀ। ਜਾਖੜ ਨੇ 3 ਮਹੀਨੇ ਪਹਿਲਾਂ ਸੂਬਾਈ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਗੁਰਦਾਸਪੁਰ ਸੀਟ ਜਿੱਤਣ ਵਿਚ ਸਫਲ ਨਹੀਂ ਹੋਏ ਹਨ। ਪਾਰਟੀ ਹਾਈ ਕਮਾਨ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਕਾਂਗਰਸ ਪੰਜਾਬ ਵਿਚ ਜਿੱਤੀ ਹੈ, ਇਸ ਲਈ ਜਾਖੜ ਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ।
ਜਾਖੜ ਦੇ ਅਸਤੀਫੇ ਪਿੱਛੋਂ ਪੰਜਾਬ ਵਿਚ ਪਾਰਟੀ ਸੰਗਠਨ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ਹਨ। ਸਰਕਾਰੀ ਪੱਧਰ ’ਤੇ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੰਮ ਚਲਾ ਰਹੇ ਹਨ ਪਰ ਸੰਗਠਨ ਪੱਧਰ ’ਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਦੀ ਵੀ ਲੋੜ ਹੈ। ਜਾਖੜ ਦੀ ਗੈਰ-ਹਾਜ਼ਰੀ ਵਿਚ ਪਿਛਲੇ ਸਮੇਂ ਬੈਠਕਾਂ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਕਰਦੇ ਆ ਰਹੇ ਹਨ। ਜਾਖੜ ਪਿਛਲੇ 3 ਮਹੀਨਿਆਂ ਤੋਂ ਪਾਰਟੀ ਸਰਗਰਮੀਆਂ ਤੋਂ ਦੂਰ ਹਨ। ਉਨ੍ਹਾਂ ਸਿਆਸੀ ਮੁੱਦਿਆਂ ’ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਪਿਛਲੇ ਦਿਨੀਂ ਕਸ਼ਮੀਰ ਬਾਰੇ ਜਾਖੜ ਦਾ ਪਹਿਲਾ ਬਿਆਨ ਆਇਆ ਸੀ।
ਹੁਣ ਪੰਜਾਬ ਦੀਆਂ 4 ਅਸੈਂਬਲੀ ਸੀਟਾਂ ਦੀਆਂ ਉਪ ਚੋਣਾਂ ਵੀ ਨੇੜੇ ਆ ਗਈਆਂ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸੋਨੀਆ ਵਲੋਂ ਅਗਲੇ ਹਫਤੇ ਜਾਖੜ ਸਬੰਧੀ ਫੈਸਲਾ ਸੁਣਾ ਦਿੱਤਾ ਜਾਏਗਾ। ਪੰਜਾਬ ਵਿਚ ਜਲਾਲਾਬਾਦ, ਫਗਵਾੜਾ, ਦਾਖਾ ਅਤੇ ਮੁਕੇਰੀਆਂ ਵਿਚ ਉਪ ਚੋਣਾਂ ਹੋਣੀਆਂ ਹਨ। ਇਹ ਚੋਣਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੀ ਹੋਣਗੀਆਂ।