ਚੰਡੀਗੜ੍ਹ ਦੇ ਸਕੂਲਾਂ ''ਚ ''ਗਰਮੀਆਂ ਦੀ ਛੁੱਟੀਆਂ'' ਹੋਰ ਅੱਗੇ ਵਧੀਆਂ
Thursday, May 14, 2020 - 02:59 PM (IST)
![ਚੰਡੀਗੜ੍ਹ ਦੇ ਸਕੂਲਾਂ ''ਚ ''ਗਰਮੀਆਂ ਦੀ ਛੁੱਟੀਆਂ'' ਹੋਰ ਅੱਗੇ ਵਧੀਆਂ](https://static.jagbani.com/multimedia/2020_5image_14_59_169667015holiday.jpg)
ਚੰਡੀਗੜ੍ਹ : ਸਾਰੀ ਦੁਨੀਆ 'ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਨੇ ਪੰਜਾਬ ਸਮੇਤ ਚੰਡੀਗੜ੍ਹ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲਿਆ ਗਿਆ ਹੈ। ਇਸ ਸੰਕਟ ਦੇ ਮੱਦੇਨਜ਼ਰ ਸ਼ਹਿਰ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਰਕਾਰੀ, ਸਰਕਾਰੀ ਏਡਿਡ ਸਕੂਲਾਂ ਦੇ ਬੱਚਿਆਂ ਨੂੰ 15 ਅਪ੍ਰੈਲ ਤੋਂ 14 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਪਰ ਹੁਣ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਗਲੇ ਹੁਕਮਾਂ ਤੱਕ ਗਰਮੀਆਂ ਦੀਆਂ ਛੁੱਟੀਆਂ 'ਚ ਵਾਧਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਹਿਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ ਵੱਧਦੇ ਜਾ ਰਹੇ ਹਨ। ਹੁਣ ਤੱਕ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 191 ਤੱਕ ਪੁੱਜ ਗਈ ਹੈ।
GMCH 'ਚ ਵੀ ਫੈਕਲਟੀ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ
ਪੀ. ਜੀ. ਆਈ. ਦੀ ਤਰ੍ਹਾਂ ਹੀ ਜੀ. ਐੱਮ. ਸੀ. ਐੱਚ.-32 'ਚ ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਹੋ ਗਈਆਂ ਹਨ। ਬੁੱਧਵਾਰ ਨੂੰ ਡਾਇਰੈਕਟਰ ਪ੍ਰਿੰਸੀਪਲ ਦੀ ਹਸਪਤਾਲ ਦੇ ਐੱਚ. ਓ. ਡੀ. ਨਾਲ ਹੋਈ ਬੈਠਕ 'ਚ ਗਰਮੀਆਂ ਦੀਆਂ ਛੁੱਟੀਆਂ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਬੈਠਕ 'ਚ ਡਾਕਟਰਾਂ ਨੇ ਕਿਹਾ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਨਹੀਂ ਲੈਣਗੇ ਕਿਉਂਕਿ ਕੋਰੋਨਾ ਸੰਕਟ ਦੀ ਘੜੀ 'ਚ ਮਰੀਜ਼ਾਂ ਨੂੰ ਡਾਕਟਰਾਂ ਦੀ ਲੋੜ ਹੈ। ਡਾਕਟਰ ਇਨ੍ਹੀਂ ਦਿਨੀਂ ਅਰਨਡ ਲੀਵ 'ਤੇ ਕੰਮ ਕਰਨਗੇ।