ਤਪਾ ਮੰਡੀ ਦੀ ਸੁਮਨ ਬਾਂਸਲ ਨੇ 67 ਸਾਲ ਦੀ ਉਮਰ ''ਚ ਸ਼ੂਟਿੰਗ ’ਚ ਜਿੱਤੇ ਚਾਰ ਮੈਡਲ

Friday, Aug 21, 2026 - 06:12 PM (IST)

ਤਪਾ ਮੰਡੀ ਦੀ ਸੁਮਨ ਬਾਂਸਲ ਨੇ 67 ਸਾਲ ਦੀ ਉਮਰ ''ਚ ਸ਼ੂਟਿੰਗ ’ਚ ਜਿੱਤੇ ਚਾਰ ਮੈਡਲ

ਤਪਾ ਮੰਡੀ (ਸ਼ਾਮ, ਗਰਗ): ਸਥਾਨਕ ਮੰਡੀ ਦੀ ਡਾ. ਸੁਮਨ ਬਾਂਸਲ ਨੇ 67 ਸਾਲ ਦੀ ਉਮਰ ਵਿਚ ਸ਼ੂਟਿੰਗ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸੇਵਾਮੁਕਤ ਡਾਕਟਰ ਡਾ. ਸਰਿੰਦਰ ਬਾਂਸਲ ਦੀ ਪਤਨੀ ਡਾ. ਸੁਮਨ ਬਾਂਸਲ ਨੇ 51ਵੀਂ ਚੰਡੀਗੜ੍ਹ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਜਿੱਤੇ ਹਨ। 

ਡਾ. ਸੁਮਨ ਬਾਂਸਲ ਨੇ ਸੀਨੀਅਰ ਵਰਗ ਦੇ 50 ਮੀਟਰ ਅਤੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿਚ ਸੋਨ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ 50 ਮੀਟਰ ਮੁਕਾਬਲੇ ਵਿਚ ਚਾਂਦੀ ਅਤੇ 10 ਮੀਟਰ ਮੁਕਾਬਲੇ ਵਿਚ ਮਾਸਟਰ ਵਰਗ ਦਾ ਕਾਂਸੀ ਦਾ ਤਮਗਾ ਵੀ ਆਪਣੇ ਨਾਮ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਤਪਾ ਮੰਡੀ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ. ਸੁਮਨ ਬਾਂਸਲ ਦਾ ਸ਼ੂਟਿੰਗ ਪ੍ਰਤੀ ਰੁਝਾਨ ਬਚਪਨ ਤੋਂ ਹੀ ਸੀ। ਸ੍ਰੀਗੰਗਾਨਗਰ ਵਿੱਚ ਬਚਪਨ ਦੌਰਾਨ ਉਹ ਖਿਡੌਣਾ ਬੰਦੂਕ ਨਾਲ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਦੀ ਸੀ। ਸੱਤਵੀਂ ਜਮਾਤ ਵਿਚ ਉਹ ਐਨਸੀਸੀ ਨਾਲ ਜੁੜੀ ਅਤੇ ਕਾਲਜ ਸਮੇਂ ਵੀ ਸ਼ੂਟਿੰਗ ਪ੍ਰਤੀ ਆਪਣੀ ਦਿਲਚਸਪੀ ਬਣਾਈ ਰੱਖੀ। ਵਿਆਹ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਬੱਚਿਆਂ ਦੀ ਪਰਵਰਿਸ਼ ਕਾਰਨ ਇਹ ਸ਼ੌਕ ਕੁਝ ਸਮੇਂ ਲਈ ਪਿੱਛੇ ਰਹਿ ਗਿਆ।

ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁੜ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਪਤੀ ਡਾ. ਸਰਿੰਦਰ ਬੰਸਲ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਡਾ. ਸੁਮਨ ਬੰਸਲ ਨੇ ਸੈਕਟਰ-25 ਪੁਲਿਸ ਰੇਂਜ ਵਿੱਚ ਅਭਿਆਸ ਕੀਤਾ ਅਤੇ ਕੋਚ ਬਾਬੂ ਰਾਮ ਦੀ ਰਹਿਨੁਮਾਈ ਹੇਠ ਆਪਣੀ ਖੇਡ ਨੂੰ ਹੋਰ ਨਿਖਾਰਿਆ। ਸ਼ੂਟਿੰਗ ਤੋਂ ਇਲਾਵਾ ਡਾ. ਸੁਮਨ ਬਾਂਸਲ ਨੂੰ ਸੰਗੀਤ ਵਿੱਚ ਵੀ ਖਾਸ ਦਿਲਚਸਪੀ ਹੈ। ਉਹ ਪੰਜਾਬ ਯੂਨੀਵਰਸਿਟੀ ਵਿੱਚ ਸੰਗੀਤ ਦੀ ਪੜ੍ਹਾਈ ਕਰ ਰਹੀ ਹੈ ਅਤੇ ਗਿਟਾਰ ਵੀ ਵਜਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਮਰ ਕਿਸੇ ਵੀ ਸੁਪਨੇ ਨੂੰ ਪੂਰਾ ਕਰਨ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਉਨ੍ਹਾਂ ਦੀ ਇਹ ਪ੍ਰਾਪਤੀ ਹਰ ਉਮਰ ਦੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ।


author

Anmol Tagra

Content Editor

Related News