ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਨਾਲ ਹੋਵੇਗੀ 550ਵੇਂ ਗੁਰਪੁਰਬ ਸਮਾਗਮਾਂ ਦੀ ਤਿਆਰੀ : ਸਿੱਧੂ

08/11/2017 6:37:54 AM

ਚੰਡੀਗੜ੍ਹ/ਸੁਲਤਾਨਪੁਰ ਲੋਧੀ ( ਸੋਢੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨੁਮਾਇੰਦੇ ਬਾਬਾ ਸੁਖਜੀਤ ਸਿੰਘ ਨੂੰ ਨਾਲ ਲੈ ਕੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀ. ਈ. ਓ. ਅਜੋਏ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।   ਮੀਟਿੰਗ ਉਪਰੰਤ ਸਿੱਧੂ ਨੇ ਐਲਾਨ ਕੀਤਾ ਕਿ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਸ਼ਹਿਰ ਦੇ ਸੁੰਦਰੀਕਰਨ ਤੋਂ ਕੀਤੀ ਜਾਵੇਗੀ ਅਤੇ ਬਾਬਾ ਸੀਚੇਵਾਲ ਵੱਲੋਂ ਪਾਇਲਟ ਪ੍ਰਾਜੈਕਟ ਵਜੋਂ ਸੀਵਰੇਜ ਟਰੀਟਮੈਂਟ ਪਲਾਂਟ ਲਗਾ ਕੇ ਸ਼ਹਿਰ ਦੀ ਸਫਾਈ ਕੀਤੀ ਜਾਵੇਗੀ। ਵਿਧਾਇਕ ਚੀਮਾ ਨੇ ਕਿਹਾ ਕਿ 2019 ਵਿਚ ਮਨਾਏ ਜਾਣ ਵਾਲੇ 550ਵੇਂ ਗੁਰਪੁਰਬ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿਛਲੇ ਸਮੇਂ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਪਟਨਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਵੱਖ-ਵੱਖ ਸ਼ਤਾਬਦੀ ਸਮਾਗਮਾਂ ਤੋਂ ਸੇਧ ਲੈ ਕੇ ਪ੍ਰੋਗਰਾਮ ਉਲੀਕੇ ਜਾਣਗੇ।
 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 500ਵੇਂ ਗੁਰਪੁਰਬ ਸਮਾਗਮ ਤੋਂ ਵੀ ਸੇਧ ਲਈ ਜਾਵੇਗੀ ਤਾਂ ਜੋ 2019 ਵਿਚ ਹੋਣ ਵਾਲਾ ਸਮਾਗਮ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੇ ਚੇਤਿਆਂ ਵਿਚ ਸਦਾ ਲਈ ਵਸਿਆ ਰਹੇ। ਸਿੱਧੂ ਨੇ ਕਿਹਾ ਕਿ ਬਹੁਤ ਜਲਦ ਮੁੱਖ ਮੰਤਰੀ ਸੁਲਤਾਨਪੁਰ ਲੋਧੀ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਉਣਗੇ, ਜਿਸ ਲਈ ਸਥਾਨਕ ਵਿਧਾਇਕ ਚੀਮਾ ਖੁਦ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ।
 


Related News