ਸੁਲਾਤਨਪੁਰ ਲੋਧੀ: ਸਰਕਾਰ ਤੇ ਸਿੱਖ ਜਥੇਬੰਦੀਆਂ ਵਿਚਾਲੇ ਸਮਝੌਤਾ, ਭੁੱਖ ਹੜਤਾਲ ਹੋਈ ਖਤਮ

12/26/2019 11:00:40 AM

ਸੁਲਤਾਨਪੁਰ ਲੋਧੀ (ਸੋਢੀ)— ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ 15ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਸਰਕਾਰ ਨਾਲ ਸਮਝੌਤਾ ਹੋਣ ਮਗਰੋਂ ਖਤਮ ਹੋ ਗਿਆ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਕਰਨ ਅਤੇ ਸ਼ਹਿਰ 'ਚੋਂ ਮੀਟ, ਸ਼ਰਾਬ, ਸਿਗਰਟ, ਤੰਬਾਕੂ ਆਦਿ ਦੀ ਵਿਕਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਲਖਵੀਰ ਸਿੰਘ ਮਹਾਲਮ ਵੱਲੋਂ 10 ਦਸੰਬਰ ਤੋਂ ਭੁੱਖ ਹੜਤਾਲ ਆਰੰਭ ਕੀਤੀ ਗਈ ਸੀ। ਬੀਤੇ ਦਿਨ ਪੰਜ ਨਵੇਂ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਮੂਹਰੇ ਲਾਏ ਮੋਰਚੇ 'ਚ ਬੈਠ ਕੇ ਸੰਘਰਸ਼ ਕੀਤਾ ਅਤੇ ਵਾਹਿਗੁਰੂ ਨਾਮ ਸਿਮਰਨ ਕੀਤਾ।

PunjabKesari

ਦੇਰ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਉੱਦਮ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸ਼ਰਾਬ ਦੇ ਸਥਾਨਕ ਠੇਕੇਦਾਰਾਂ, ਨਗਰ ਕੌਂਸਲ ਪ੍ਰਧਾਨ ਅਸ਼ੋਕ ਮੋਗਲਾ, ਡੀ. ਐੱਸ. ਪੀ. ਸਰਵਨ ਸਿੰਘ ਬੱਲ ਆਦਿ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਸ 'ਚ ਸਿੱਖ ਜਥੇਬੰਦੀਆਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਅਤੇ ਸਤਿਕਾਰ ਕਮੇਟੀ ਵਿਚਕਾਰ ਸਮਝੌਤਾ ਹੋ ਗਿਆ। ਜਿਸ ਤੋਂ ਬਾਅਦ ਭਾਈ ਸੁਖਜੀਤ ਸਿੰਘ ਖੋਸੇ ਸਮੇਤ ਪੰਜ ਸਿੰਘਾਂ ਵੱਲੋਂ ਭਾਈ ਮਹਾਲਮ ਦੀ ਭੁੱਖ ਹੜਤਾਲ ਖਤਮ ਕਰਨ ਅਤੇ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਕਰਵਾਉਣ ਦੇ ਲਾਏ ਮੋਰਚੇ ਦੇ ਪਹਿਲੇ ਪੜਾਅ ਨੂੰ ਇਥੇ ਸਮਾਪਤ ਕਰਨ ਦਾ ਐਲਾਨ ਕੀਤਾ।

ਗੱਲਬਾਤ ਕਰਦੇ ਹੋਏ ਜਥੇ. ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਚੀਮਾ ਅਤੇ ਭਾਈ ਖੋਸੇ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚੋਂ ਵੀਰਵਾਰ ਤੋਂ ਹੀ ਮੀਟ, ਤੰਬਾਕੂ, ਸਿਗਰਟ, ਬੀੜੀ ਆਦਿ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਨਗਰ ਕੌਂਸਲ ਸੁਲਤਾਨਪੁਰ ਵੱਲੋਂ ਪਹਿਲਾਂ ਮੁਨਾਦੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਜੋ ਵੀ ਸ਼ਹਿਰ ਦੀ ਹਦੂਦ ਅੰਦਰ ਕੋਈ ਵੀ ਮੀਟ, ਤੰਬਾਕੂ, ਸਿਗਰਟ, ਬੀੜੀ ਆਦਿ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ ਅਤੇ ਸ਼ਰਾਬ ਦੇ ਸਾਰੇ ਠੇਕੇ 31 ਮਾਰਚ ਤੋਂ ਬਾਅਦ ਸ਼ਹਿਰ ਦੇ ਨਵੇਂ ਬਣੇ ਸਵਾਗਤੀ ਗੇਟਾਂ ਦੇ ਬਾਹਰ ਮੇਨ ਰੋਡਾਂ ਤੋਂ ਹਟਾ ਕੇ ਲਿੰਕ ਰੋਡਾਂ 'ਤੇ ਹੀ ਖੋਹਲੇ ਜਾਣਗੇ। ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਵਾਈਸ ਚੇਅਰਮੈਨ ਦੀਪਕ ਧੀਰ ਰਾਜੂ, ਇੰਸ. ਸਰਬਜੀਤ ਸਿੰਘ ਅਤੇ ਸ਼ਰਾਬ ਦੇ ਠੇਕੇਦਾਰ ਮੌਜੂਦ ਵੀ ਸਨ।


shivani attri

Content Editor

Related News