ਪਾਕਿ ਸਥਿਤ ਗੁਰੂਧਾਮਾਂ ਦੀ ਸੇਵਾ SGPC ਨੂੰ ਸੌਂਪੀ ਜਾਵੇਗੀ : ਬੀਬੀ ਜਗੀਰ ਕੌਰ (ਵੀਡੀਓ)
Saturday, Dec 22, 2018 - 01:03 PM (IST)
ਸੁਲਤਾਨਪੁਰ ਲੋਧੀ : ਪਾਕਿਸਤਾਨ 'ਚ ਸਥਿਤ ਗੁਰੂਧਾਮਾਂ ਦੀ ਸੇਵਾ-ਸੰਭਾਲ ਐੱਸ.ਜੀ.ਪੀ.ਸੀ. ਨੂੰ ਸੌਂਪਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਗੁਰੂਧਾਮ ਜੋ ਦੇਸ਼ ਦੀ ਵੰਡ ਸਮੇਂ ਪਾਕਿਸਤਾਨ 'ਚ ਰਹਿ ਗਏ ਸਨ, ਪਹਿਲਾਂ ਉਨ੍ਹਾਂ ਦ ਰੱਖ-ਰਖਾਅ ਤੇ ਪ੍ਰਬੰਧ ਐੱਸ.ਜੀ.ਪੀ.ਸੀ. ਹੀ ਕਰਦੀ ਸੀ ਪਰ ਬਦਕਿਸਮਤੀ ਕਾਰਨ ਪਾਕਿ 'ਚ ਰਹੇ ਗੁਰੂਧਾਮਾਂ 'ਤੇ ਪਾਕਿ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਦੇਸ਼, ਧਰਤੀ ਤੇ ਪਾਣੀ ਵੰਡਿਆ ਜਾ ਸਕਦਾ ਹੈ ਪਰ ਧਰਮ ਨਹੀਂ ਵੰਡਿਆ ਜਾ ਸਕਦਾ। ਇਸ ਲਈ ਉਨ੍ਹਾਂ ਕਿਹਾ ਕਿ ਸਾਰੇ ਗੁਰੂਧਾਮਾਂ ਦੀ ਸੇਵਾ-ਸੰਭਾਲ ਐੱਸ.ਜੀ.ਪੀ.ਸੀ. ਨੂੰ ਸੌਂਪਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮਰਜ਼ੀ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਇਆ ਜਾਣ ਉਨ੍ਹਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ। ਉਹ ਇਨ੍ਹਾਂ ਚੋਣਾਂ 'ਚ ਜ਼ਰੂਰ ਹਿੱਸਾ ਲੈਣਗੇ।
ਇਸ ਉਪਰੰਤ ਬੀਬੀ ਜਗੀਰ ਕੌਰ ਨੇ 84 ਦੇ ਦੋਸ਼ੀ ਸੱਜਣ ਕੁਮਾਰ ਸਬੰਧੀ ਬੋਲਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਤਾਂ ਉਸੇ ਸਮੇਂ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਦੋਸ਼ੀ ਸੱਜਣ ਕੁਮਾਰ ਲਈ ਫਾਂਸੀ ਦੀ ਅਪੀਲ ਕਰੇਗੀ। ਉਨ੍ਹਾਂ ਨੇ ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਲੋਕਤੰਤਰ ਦਾ ਘਾਣ ਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਜਿਹੜਾ ਮਰਜ਼ੀ ਜਿੱਤੇ, ਮੋਹਰ ਕਾਂਗਰਸ ਸਰਕਾਰ ਨੇ ਆਪਣੀ ਹੀ ਲਾਉਣੀ ਹੈ।