''ਸੁਲਤਾਨਪੁਰ ਲੋਧੀ ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਕੀਤੇ ਜਾਣਗੇ ਖ਼ਰਚ''
Monday, Mar 16, 2020 - 09:22 PM (IST)
ਸੁਲਤਾਨਪੁਰ ਲੋਧੀ,(ਸੋਢੀ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮਤੀ ਦੀਪਤੀ ਉੱਪਲ ਅਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਅੱਜ 'ਸੁਲਤਾਨਪੁਰ ਲੋਧੀ ਸਮਾਰਟ ਸਿਟੀ' ਪ੍ਰਾਜੈਕਟ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਇਸ ਪ੍ਰਾਜੈਕਟ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਵਿੱਢੀ ਤਿਆਰੀ ਦਾ ਮੁਲਾਂਕਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੁੱਚੀ ਪਲਾਨਿੰਗ ਦੀ ਪ੍ਰਪੋਜ਼ਲ ਤਿਆਰ ਕਰ ਲਈ ਗਈ ਹੈ ਅਤੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਸ਼ਹਿਰ ਦਾ ਸੁੰਦਰੀਕਰਨ ਕਰਨ, ਸ਼ਹਿਰ ਦੇ ਚੱਪੇ-ਚੱਪੇ 'ਤੇ ਸੀ. ਸੀ. ਟੀ. ਵੀ ਕੈਮਰੇ ਲਗਾਉਣ, ਪ੍ਰਮੁੱਖ ਥਾਵਾਂ 'ਤੇ ਪਬਲਿਕ ਐੱਡਰੈਸ ਸਿਸਟਮ ਲਗਾਉਣ, ਵੇਰੀਏਬਲ ਮੈਸੇਜ ਡਿਸਪਲੇ ਅਤੇ ਵਾਟਰ ਕੁਆਲਿਟੀ ਸੈਂਸਰ ਆਦਿ ਲਗਾਏ ਜਾਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਸ਼ਹਿਰ ਵਿਚ ਇੰਟੀਗ੍ਰੇਟਿਡ ਕਮਾਂਡ ਐਂਡ ਸੈਂਟਰਲ ਸੈਂਟਰ, ਪ੍ਰਾਇਮਰੀ ਡਾਟਾ ਸੈਂਟਰ, ਡਿਜ਼ਾਸਟਰ ਰਿਕਵਰੀ ਸੈਂਟਰ ਅਤੇ ਨੈੱਟਵਰਕ ਸੈਂਟਰ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਵਿੱਤਰ ਨਗਰੀ ਨੂੰ ਸਮਾਰਟ ਸੜਕਾਂ, ਸਟੋਨ ਪਿਚਿੰਗ, ਸਜ਼ਾਵਟੀ ਲਾਈਟਾਂ, ਸਜ਼ਾਵਟੀ ਦਰੱਖਤਾਂ, ਸਮਾਰਟ ਪੋਲਾਂ ਅਤੇ ਫੁਆਰਿਆਂ ਆਦਿ ਨਾਲ ਸ਼ਿੰਗਾਰਿਆ ਜਾਵੇਗਾ। ਇਸੇ ਤਰ੍ਹਾਂ ਪਵਿੱਤਰ ਬੇਈਂ ਦੀ ਸਟੋਨ ਪਿਚਿੰਗ ਅਤੇ ਰਿੰਗ ਕਰਨ ਤੋਂ ਇਲਾਵਾ ਇਸ ਦੀ ਕੰਕਰੀਟ ਲਾਈਨਿੰਗ, ਇੰਟਰਲਾਕਿੰਗ ਟਾਈਲਾਂ ਦੀ ਸੜਕ ਅਤੇ ਸੋਲਰ ਪਾਵਰ ਸਿਸਟਮ ਆਦਿ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਇਥੇ ਬਿਜਲੀ ਦੀ ਅੰਡਰ ਗਰਾਊਂਡ ਵਾਇਰਿੰਗ ਤੋਂ ਇਲਾਵਾ ਨਵੇਂ ਟ੍ਰਾਂਸਫਾਰਮਰ ਸਥਾਪਿਤ ਕੀਤੇ ਜਾਣ ਅਤੇ ਹੋਰ ਬਹੁਤ ਸਾਰੇ ਕਾਰਜਾਂ ਦੀ ਯੋਜਨਾ ਉਲੀਕੀ ਗਈ ਹੈ।
ਇਸ ਉਪਰੰਤ ਵਿਧਾਇਕ ਸ. ਚੀਮਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਜੈਕਟ ਨਾਲ ਸਬੰਧਤ ਵੱਖ-ਵੱਖ ਥਾਵਾਂ ਦਾ ਦੌਰਾ ਵੀ ਕੀਤਾ ਗਿਆ, ਜਿਨਾਂ ਵਿਚ ਸਮਾਰਟ ਸੜਕਾਂ, ਅੰਡਰਗਰਾਊਂਡ ਵਾਇਰਿੰਗ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਡੰਪ ਆਦਿ ਵਾਲੀਆਂ ਸਾਈਟਾਂ ਸ਼ਾਮਲ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨਿਰਧਾਰਤ ਕੀਤੀ ਗਈ ਸਬਜ਼ੀ ਮੰਡੀ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਰੇਹੜੀ ਵਾਲਿਆਂ ਨੂੰ ਮੰਡੀ ਵਿਚ ਹੀ ਆਪਣੀਆਂ ਰੇਹੜੀਆਂ ਲਗਾਉਣ ਲਈ ਪਾਬੰਦ ਕੀਤਾ ਜਾਵੇ। ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐਸ. ਪੀ ਸ. ਸਰਵਨ ਸਿੰਘ ਬੱਲ, ਨਾਇਬ ਤਹਿਸੀਲਦਾਰ ਸ. ਮੇਲਾ ਸਿੰਘ, ਬੀ. ਡੀ. ਪੀ. ਓ ਸ. ਗੁਰਪ੍ਰਤਾਪ ਸਿੰਘ ਗਿੱਲ, ਈ. ਓ ਸ. ਬਲਜੀਤ ਸਿੰਘ ਬਿਲਗਾ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਵਰਿੰਦਰ ਕੁਮਾਰ, ਐਕਸੀਅਨ ਸੀਵਰੇਜ ਸ੍ਰੀ ਸੰਨੀ ਗੋਗਨਾ ਅਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।