ਸੁਖਬੀਰ ਅਸਤੀਫਾ ਦੇਣ ਅਤੇ ਲੋਕਾਂ ਕੋਲੋਂ ਮੁਆਫੀ ਮੰਗਣ: ਖਹਿਰਾ (ਵੀਡੀਓ)

05/30/2019 1:44:25 PM

ਜਲੰਧਰ - ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ 'ਸਿੱਟ' ਵਲੋਂ ਸਿੱਧ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਸੁਮੇਧ ਸਿੰਘ ਸੈਣੀ ਅਤੇ ਡੇਰਾ ਸਿਰਸਾ ਮੁਖੀ ਮੁੱਖ ਜ਼ਿੰਮੇਵਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਦੇ ਪ੍ਰੈੱਸ ਕਲਬ 'ਚ ਕੀਤੀ ਕਾਨਫਰੰਸ 'ਚ ਕੀਤਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਇਹ ਮੰਗ ਕਰਦਾ ਹੈ ਕਿ ਸੁਖਬੀਰ ਨੂੰ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਮੁਆਫੀ ਮੰਗਣੀ ਚਾਹੀਦੀ ਹੈ। ਸੁਖਬੀਰ ਨੇ ਸਭ ਕੁਝ ਜਾਣਦੇ ਹੋਏ ਲੋਕਾਂ 'ਤੇ ਜ਼ੁਲਮ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ 2007 'ਚ ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਬੇਅਦਬੀ ਕੀਤੀ ਸੀ ਤਾਂ ਉਸ ਸਮੇਂ ਉਸ ਖਿਲਾਫ ਦਰਜ ਹੋਈ ਐੱਫ.ਆਈ.ਆਰ. 'ਤੇ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਸੀ ਹੋਣ ਦਿੱਤੀ। ਅਜਿਹਾ ਇਸ ਕਰਕੇ ਹੋਇਆ ਸੀ ਕਿਉਂਕਿ ਉਨ੍ਹਾਂ ਦੋਵਾਂ 'ਚ ਵੋਟਾਂ ਨੂੰ ਲੈ ਕੇ ਸੈਟਿੰਗ ਹੋ ਚੁੱਕੀ ਸੀ ਅਤੇ ਵੋਟਾਂ ਦੀ ਇਸ ਸੈਟਿੰਗ ਕਾਰਨ ਹੀ ਉਸ ਦਾ ਕੇਸ ਰੱਦ ਹੋ ਗਿਆ ਸੀ। ਬਹੁਤ ਸਾਰੇ ਤੱਤਾਂ ਤੋਂ ਪਤਾ ਚਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਸੀ, ਜਿਸ ਕਾਰਨ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ, ਸੁਖਬੀਰ ਬਾਦਲ ਨੇ ਆਪਣੀ ਕਮਿਊਨਿਟੀ ਨੂੰ, ਸਿੱਖਾਂ ਨੂੰ ਗੱਦਾਰ ਕਹਿ ਕੇ, ਆਈ.ਐੱਸ.ਏ. ਦੇ ਏਜੰਟ ਕਹਿ ਕੇ, ਦੁਸ਼ਮਣ ਕਹਿ ਕੇ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਬਠਿੰਡਾ 'ਚ ਵਾਪਰੇ ਮੋੜ ਬੰਬ ਧਮਾਕੇ ਦੇ ਬਾਰੇ ਅੱਜ ਤੱਕ ਸੁਖਬੀਰ ਸਿੰਘ ਬਾਦਲ ਨੇ ਕੁਝ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 14 ਅਕਤੂਬਰ 2015 'ਚ ਤੜਕੇ ਸੁਮੇਧ ਸਿੰਘ ਸੈਣੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ, ਜਿਸ ਗੱਲਬਾਤ ਦੇ ਬਾਰੇ ਉਨ੍ਹਾਂ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਆਪਸ 'ਚ ਕੀ ਗੱਲ ਹੋਈ ਸੀ। ਗੋਲੀਕਾਂਡ ਦੇ ਬਾਰੇ ਉਨ੍ਹਾਂ ਕਿਹਾ ਕਿ ਬਾਦਲ ਕਹਿ ਰਹੇ ਹਨ ਕਿ ਉਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਫਿਰ ਗੋਲੀ ਸੁਮੇਧ ਸਿੰਘ ਸੈਣੀ ਦੇ ਕਹਿਣ 'ਤੇ ਕਿਸੇ ਨੇ ਚਲਾਈ ਹੋਣੀ।


rajwinder kaur

Content Editor

Related News