ਸਿੱਧੂ ਨੇ ਪਛਾਣੀ ਪੰਜਾਬ ਦੀ ਭਿਆਨਕ ਬਿਮਾਰੀ, ਸਰਜੀਕਲ ਸਟ੍ਰਾਈਕ ਲਈ ਅੱਗੇ ਆਉਣ ਦੀ ਲੋੜ: ਖਹਿਰਾ
Wednesday, Jul 01, 2020 - 11:44 AM (IST)
ਚੰਡੀਗੜ੍ਹ (ਰਮਨਜੀਤ)— ਸਾਬਕਾ 'ਆਪ' ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਤਰਸਯੋਗ ਹਾਲਾਤ 'ਤੇ ਦਲੇਰਾਨਾ ਬਿਆਨ ਦੇਣ ਲਈ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਖਹਿਰਾ ਨੇ ਕਿਹਾ ਕਿ ਉਹ ਸਿੱਧੂ ਦੇ ਵਿਚਾਰਾਂ ਨਾਲ 100 ਫੀਸਦੀ ਸਹਿਮਤ ਹਨ ਕਿ ਇਕ ਫੀਸਦੀ ਸਿਆਸੀ ਲੋਕਾਂ ਨੇ ਪੰਜਾਬ ਦੇ ਸਰਮਾਏ, ਸਰੋਤਾਂ ਅਤੇ ਸਰਕਾਰੀ ਖਜ਼ਾਨੇ ਨੂੰ ਰੱਜ ਕੇ ਲੁੱਟਿਆ ਹੈ, ਜਿਸ ਕਾਰਨ ਆਮ ਆਦਮੀ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ 1985 ਤਕ ਇਕ ਸਰਪਲੱਸ ਸੂਬਾ ਸੀ ਅਤੇ ਖਜ਼ਾਨੇ 'ਤੇ ਕੋਈ ਕਰਜ਼ੇ ਦਾ ਬੋਝ ਨਹੀਂ ਸੀ। ਇਸ ਤੋਂ ਬਾਅਦ ਸੂਬੇ 'ਤੇ ਵਾਰੀ ਸਿਰ ਰਾਜ ਕਰਨ ਵਾਲੀਆਂ ਭ੍ਰਿਸ਼ਟ ਰਿਵਾਇਤੀ ਪਾਰਟੀਆਂ ਸੂਬੇ ਨੂੰ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਲੈ ਆਈਆਂ, ਜਿਸ ਕਾਰਨ ਸੂਬੇ ਦਾ ਸਮੁੱਚਾ ਸਿਸਟਮ ਲਗਭਗ ਤਬਾਹ ਹੋ ਚੁੱਕਾ ਹੈ। ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਕੁਸ਼ਾਸਨ ਅਤੇ ਭ੍ਰਿਸ਼ਟ ਕੰਮਾਂ ਦਾ ਅਸਲ ਸ਼ਿਕਾਰ ਸੂਬੇ ਦੀ 99 ਫੀਸਦੀ ਜਨਤਾ ਹੋ ਚੁੱਕੀ ਹੈ। ਸਾਡੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੀ ਹੈ ਅਤੇ ਲੱਖਾਂ ਦੀ ਤਦਾਦ 'ਚ ਨੌਜਵਾਨ ਬੇਰੁਜ਼ਗਾਰ ਹਨ, ਜਿਸ ਕਾਰਨ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਸੂਬੇ ਨੂੰ ਛੱਡ ਕੇ ਜਾ ਰਹੇ ਹਨ, ਖੇਤੀਬਾੜੀ ਅਰਥਵਿਵਸਥਾ 1 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹੈ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕਰ ਰਹੇ ਹਨ, ਸੂਬੇ ਦੀ ਇੰਡਸਟਰੀ ਖਤਮ ਹੋਣ ਦੀ ਕਾਗਾਰ 'ਤੇ ਹੈ, ਸੂਬੇ 'ਚ ਨਸ਼ਿਆਂ ਦਾ ਬੋਲ ਬਾਲਾ ਹੈ ਅਤੇ ਭ੍ਰਿਸ਼ਟਾਚਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਰਾਜਨੇਤਾਵਾਂ ਵੱਲੋਂ ਹਰ ਤਰ੍ਹਾਂ ਦੇ ਮਾਫੀਆ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਸਿੱਧ ਨੇ ਪੰਜਾਬ ਦੀ ਬੀਮਾਰੀ ਨੂੰ ਹੁਣ ਪੂਰੀ ਤਰ੍ਹਾਂ ਪਛਾਣ ਹੈ ਅਤੇ ਹੁਣ ਇਸ ਦਾ ਸਫਾਇਆ ਕਰ ਕੇ ਪੰਜਾਬ ਨੂੰ ਇਸ ਤੋਂ ਮੁਕਤ ਕਰਨ ਲਈ ਸਰਜੀਕਲ ਸਟ੍ਰਾਈਕ ਦਾ ਸਮਾਂ ਆ ਗਿਆ ਹੈ। ਸਮਾਂ ਆ ਗਿਆ ਹੈ ਕਿ ਸਿੱਧੂ ਅੱਗੇ ਹੋ ਕੇ ਅਗਵਾਈ ਕਰਨ। ਖਹਿਰਾ ਨੇ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਲੰਮੇ ਸਮੇਂ ਤੋਂ ਭ੍ਰਿਸ਼ਟ ਰਿਵਾਇਤੀ ਪਾਰਟੀਆਂ ਦਾ ਜ਼ਬਰਦਸਤ ਵਿਰੋਧ ਕਰਨ ਵਾਲੇ ਲੋਕ ਅਤੇ ਉਹ ਪੰਜਾਬ ਦੇ ਸ਼ਾਨਾਮੱਤੇ ਰਾਜ ਨੂੰ ਬਚਾਉਣ ਲਈ ਇਸ ਉਦਮ 'ਚ ਬਿਨਾਂ ਸ਼ਰਤ ਉਨ੍ਹਾਂ ਦਾ ਸਮਰਥਨ ਕਰਨਗੇ।