CM ਭਗਵੰਤ ਮਾਨ ਕੋਲ ਐਕਸਪੀਰੀਐਂਸ ਨਹੀਂ, ਇਕ ਗਲਤ ਫ਼ੈਸਲੇ ਨੇ ਲੈ ਲਈ ਮੂਸੇਵਾਲਾ ਦੀ ਜਾਨ: ਸੁਖਬੀਰ ਬਾਦਲ

06/04/2022 2:01:58 PM

ਜਲੰਧਰ (ਵਿਸ਼ੇਸ਼)– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੂਰਾ ਪੰਜਾਬ ਸੋਗ ਵਿਚ ਅਤੇ ਫਿਕਰਮੰਦ ਹੈ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਵੀ ਕਾਫ਼ੀ ਨਿਰਾਸ਼ਾ ਦਾ ਮਾਹੌਲ ਹੈ। ਇਸ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਜਿੱਥੇ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਸੁਰੱਖਿਆ ਵਾਪਸੀ ’ਤੇ ਵੀ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼ :

ਲਾਅ ਐਂਡ ਆਰਡਰ
ਸੁਖਬੀਰ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਗੱਡੀ ਨਵੀਂ ਲੈਂਦੇ ਹੋ ਅਤੇ ਉਸ ਵਿਚ ਡਰਾਈਵਰ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦਾ ਪੂਰਾ ਰਿਕਾਰਡ ਚੈੱਕ ਕੀਤਾ ਜਾਂਦਾ ਹੈ ਪਰ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਕੋਲ ਕੋਈ ਐਕਸੀਪੀਰੀਐਂਸ ਨਹੀਂ ਹੈ। ਇਸ ਦੇ ਬਾਰੇ ਕਿਸੇ ਨੇ ਜਾਂਚ-ਪੜਤਾਲ ਨਹੀਂ ਕੀਤੀ। ਹੋਰ ਤਾਂ ਹੋਰ ਭਗਵੰਤ ਮਾਨ ਖ਼ੁਦ ਸਰਕਾਰ ਚਲਾ ਸਕਣ ਵਿਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਅਜਿਹੇ ਹਨ ਕਿ ਐੱਸ. ਐੱਸ. ਪੀ. ਅਤੇ ਡੀ. ਸੀ. ਪੱਧਰ ਦੇ ਅਫ਼ਸਰਾਂ ਦੀ ਲਿਸਟ ਦੂਜੇ ਸੂਬੇ ਦਾ ਸੀ. ਐੱਮ. ਤਿਆਰ ਕਰਦਾ ਹੈ ਅਤੇ ਉਸ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਂਦਾ ਹੈ। ਜੇ ਅਫ਼ਸਰਾਂ ਦੀ ਨਿਯੁਕਤੀ ਦੂਜੇ ਸੂਬੇ ਦਾ ਸੀ. ਐੱਮ. ਹੀ ਕਰੇਗਾ ਤਾਂ ਫਿਰ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕੀ ਰਹੇਗੀ, ਇਹ ਸਭ ਦੇ ਸਾਹਮਣੇ ਹੈ।

ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

ਸੁਰੱਖਿਆ ਵਾਪਸੀ ਦਾ ਫ਼ੈਸਲਾ
ਸੁਖਬੀਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਬੱਡੀ ਮੈਚ ਦੌਰਾਨ ਫਾਇਰਿੰਗ ਹੁੰਦੀ ਹੈ, ਜਿਸ ਵਿਚ ਇਕ ਕਬੱਡੀ ਖਿਡਾਰੀ ਨੂੰ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਵਰਗੇ ਸਟਾਰ, ਜਿਨ੍ਹਾਂ ਦੇ ਪਿਤਾ ਨੂੰ ਇੰਟੈਲੀਜੈਂਸ ਨੇ ਪਹਿਲਾਂ ਹੀ ਸੁਚੇਤ ਕੀਤਾ ਸੀ ਕਿ ਉਹ ਆਪਣਾ ਬਚਾਅ ਕਰਨ, ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸਕਿਓਰਿਟੀ ਘੱਟ ਕਰ ਦਿੱਤੀ, ਜੋਕਿ ਪੰਜਾਬ ਸਰਕਾਰ ਦਾ ਗਲਤ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਸੀ. ਐੱਮ. ਮਾਨ ਨੇ ਸਿਰਫ਼ ਵਾਹੋਵਾਹੀ ਲੁੱਟਣ ਲਈ ਇਹ ਸੁਰੱਖਿਆ ਵਾਪਸੀ ਦਾ ਸਟੰਟ ਕੀਤਾ ਹੈ।
ਸੀ. ਐੱਮ. ਮਾਨ ਨੇ ਸੂਬੇ ਦੇ ਲੋਕਾਂ ਤੋਂ ਸੁਰੱਖਿਆ ਖੋਹ ਕੇ ਸਾਰੀ ਸੁਰੱਖਿਆ ਰਾਘਵ ਚੱਢਾ, ਕੇਜਰੀਵਾਲ, ਆਪਣੀ ਭੈਣ ਅਤੇ ਆਪਣੀ ਮਾਂ ਦੀ ਰਾਖੀ ’ਚ ਲਾ ਦਿੱਤੀ। ਇਕ ਸੂਬੇ ਦੇ ਸੀ. ਐੱਮ. ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਫ਼ੈਸਲਾ ਕਦੋਂ ਲੈਣਾ ਹੈ। ਇਕ ਸੀ. ਐੱਮ. ਦੇ ਤੌਰ ’ਤੇ ਜ਼ਿੰਮੇਵਾਰੀ ਨੂੰ ਨਿਭਾਉਣਾ ਬਹੁਤ ਵੱਡਾ ਕੰਮ ਹੈ। ਅੱਜ 2 ਮਹੀਨੇ ਅੰਦਰ ਸੂਬੇ ਵਿਚ ਤਬਾਹੀ ਸ਼ੁਰੂ ਹੋ ਗਈ ਹੈ, ਅੱਜ ਪੰਜਾਬ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਅਜਿਹੇ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੇ ਕਿਉਂਕਿ ਸੀ. ਐੱਮ. ਦੇ ਹੱਥਾਂ ਵਿਚ ਲਾਅ ਐਂਡ ਆਰਡਰ ਦੀ ਕਮਾਨ ਹੀ ਨਹੀਂ ਹੈ। ਸੂਬੇ ਵਿਚ ਹਰ ਰੋਜ਼ ਹੱਤਿਆਵਾਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣ ’ਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ।
ਪੰਜਾਬ ਸਰਕਾਰ ਨੇ ਜੇ ਆਰਜ਼ੀ ਤੌਰ ’ਤੇ ਸੁਰੱਖਿਆ ਵਾਪਸ ਲਈ ਸੀ ਤਾਂ ਸਰਕਾਰ ਨੇ ਇਸ਼ਤਿਹਾਰ ਕਿਉਂ ਦਿੱਤਾ? ਸੀ. ਐੱਮ. ਮਾਨ ਵੱਲੋਂ ਕੇਜਰੀਵਾਲ, ਰਾਘਵ ਚੱਢਾ ਤੇ ਆਪਣੀ ਮਾਂ ਦੀ ਸੁਰੱਖਿਆ ਵਾਪਸ ਲਈ ਜਾਣੀ ਚਾਹੀਦੀ ਸੀ ਪਰ ਉਨ੍ਹਾਂ ਆਪਣੀ ਸਰਕਾਰ ਦੀ ਵਾਹੋਵਾਹੀ ਲੁੱਟਣ ਲਈ ਹੋਰ ਲੋਕਾਂ ਤੋਂ ਸੁਰੱਖਿਆ ਖੋਹ ਲਈ।

ਇਹ ਵੀ ਪੜ੍ਹੋ: ਪੰਜਾਬ ਦੇ 2700 ਇੱਟਾਂ ਦੇ ਭੱਠੇ ਅਗਸਤ ਤੋਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ, ਜਾਣੋ ਕਿਉਂ

ਪਾਕਿਸਤਾਨ ਵੀ ਹੋ ਸਕਦੈ ਸਰਗਰਮ
ਸੁਖਬੀਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਾਕਿਸਤਾਨ ਵੀ ਸਰਗਰਮ ਹੋ ਸਕਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਪੰਜਾਬ ਦੀ ਕਮਾਨ ਇਕ ਅਜਿਹੇ ਹੱਥ ਵਿਚ ਹੈ, ਜੋ ਕੁਝ ਨਹੀਂ ਕਰ ਸਕਦਾ। ਪੰਜਾਬ ਸਰਕਾਰ ਦੀ ਹਾਲਤ ਨੂੰ ਵੇਖ ਕੇ ਗੁੰਡਾ ਅਨਸਰਾਂ ਅਤੇ ਗੈਂਗਸਟਰਾਂ ਦਾ ਆਤਮਵਿਸ਼ਵਾਸ ਵਧ ਚੁੱਕਾ ਹੈ। ਇਕ ਤੋਂ ਬਾਅਦ ਇਕ ਕ੍ਰਾਈਮ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਿੱਧੂ ਮੂਸੇਵਾਲਾ ਦੀ ਘਟਨਾ ਦੇ ਦੂਜੇ ਦਿਨ ਹੀ ਪੰਜਾਬ ਸਰਕਾਰ ਦੀ ਬੱਸ ਨੂੰ ਗੰਨ ਪੁਆਇੰਟ ’ਤੇ ਲੁੱਟ ਲਿਆ ਜਾਂਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੈਂਗਸਟਰਾਂ ਦਾ ਕਾਂਫੀਡੈਂਸ ਵਧ ਚੁੱਕਾ ਹੈ।
 

ਅਧਿਕਾਰੀਆਂ ਦੀ ਜ਼ਿੰਮੇਵਾਰੀ

ਸੂਬੇ ਵਿਚ ਡੀ. ਸੀ. ਅਤੇ ਉੱਚ ਅਧਿਕਾਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਅਧਿਕਾਰੀ ਨੂੰ ਕੀ ਜ਼ਿੰਮੇਵਾਰੀ ਦੇਣੀ ਹੈ ਪਰ ਇਸ ਮੁੱਦੇ ’ਤੇ ਜੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਹੀ ਫ਼ੈਸਲੇ ਲੈਣਗੇ ਤਾਂ ਸੂਬੇ ਦੀ ਇਹੀ ਹਾਲਤ ਹੋਵੇਗੀ।

ਤੁਹਾਡੇ ਸਮੇਂ ’ਚ ਵੀ ਘਟਨਾਵਾਂ ਹੋਈਆਂ ਹਨ
ਘਟਨਾਵਾਂ ਹਰ ਸਰਕਾਰ ਦੇ ਸਮੇਂ ’ਚ ਹੁੰਦੀਆਂ ਹਨ ਪਰ ਉਸ ਵਿਚ ਕੰਟਰੋਲ ਕਰਨ ਦਾ ਹੌਸਲਾ ਅਤੇ ਪਲਾਨ ਹੋਣਾ ਚਾਹੀਦਾ ਹੈ। ਇਕ ਸੀ. ਐੱਮ. ਦੇ ਮੋਢਿਆਂ ’ਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਨੂੰ ਬਹੁਤ ਸੋਚ-ਸਮਝ ਕੇ ਫ਼ੈਸਲੇ ਲੈਣੇ ਚਾਹੀਦੇ ਹਨ ਪਰ 2 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਪੰਜਾਬ ਤਬਾਹ ਹੋ ਕੇ ਰਹਿ ਗਿਆ ਹੈ। ਜੇ ਪੰਜਾਬ ਦੀ ਜਨਤਾ ਹੀ ਸੇਫ ਨਹੀਂ ਤਾਂ ਕੌਣ ਪੰਜਾਬ ਵਿਚ ਵਪਾਰ ਜਾਂ ਕੰਮਕਾਜ ਕਰਨ ਆਵੇਗਾ।

ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਕੇਜਰੀਵਾਲ ’ਤੇ ਹਮਲਾ
ਕੇਜਰੀਵਾਲ ਹਿਮਾਚਲ ਅਤੇ ਗੁਜਰਾਤ ਵਿਚ ਜਾ ਕੇ ਕਹਿੰਦੇ ਹਨ ਕਿ ਭਗਵੰਤ ਮਾਨ ਨੇ 20 ਦਿਨਾਂ ਵਿਚ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਕਰ ਦਿੱਤਾ ਪਰ ਹੁਣ ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਕੇਜਰੀਵਾਲ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ। ਲੋਕ ਜਾਣ ਗਏ ਹਨ ਕਿ ਪੰਜਾਬ ਵਿਚ ਹਾਲਾਤ ਆਮ ਵਰਗੇ ਨਹੀਂ ਹਨ।

ਸਰਕਾਰ ਦੇ ਇਕ ਫ਼ੈਸਲੇ ਨੇ ਜ਼ਿੰਦਗੀ ਖੋਹ ਲਈ
ਪਾਲੀਟਿਕਸ ਹਰ ਜਗ੍ਹਾ ਹੁੰਦੀ ਹੈ ਪਰ ਪੰਜਾਬ ਸਰਕਾਰ ਵਿਚ ਸਿਰਫ਼ ਪਾਲੀਟਿਕਸ ਹੀ ਹੋ ਰਹੀ ਹੈ, ਮਨੁੱਖਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਨੂੰ ਇਕ-ਇਕ ਕਦਮ ਸੋਚ-ਸਮਝ ਕੇ ਚੁੱਕਣਾ ਪੈਂਦਾ ਹੈ। ਸਰਕਾਰ ਚਲਾਉਣਾ ਜ਼ਿੰਮੇਵਾਰੀ ਭਰਿਆ ਕੰਮ ਹੈ। ਤੁਹਾਡੇ ਵੱਲੋਂ ਬੋਲਿਆ ਗਿਆ ਇਕ-ਇਕ ਸ਼ਬਦ ਲੋਕਾਂ ਦੀ ਜ਼ਿੰਦਗੀ ਵੀ ਬਦਲ ਸਕਦਾ ਹੈ ਅਤੇ ਮੌਤ ਦੇ ਮੂੰਹ ਵਿਚ ਵੀ ਧੱਕ ਸਕਦਾ ਹੈ। ਇਸ ਲਈ ਸੋਚ-ਸਮਝ ਕੇ ਫ਼ੈਸਲੇ ਲੈਣੇ ਚਾਹੀਦੇ ਹਨ। ਤੁਹਾਡੇ ਇਕ ਫ਼ੈਸਲੇ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਖੋਹ ਲਈ।

ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ’ਤੇ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਥਿਆਰ ਰੱਖਣ ਵਾਲੇ ਬਿਆਨ ’ਤੇ ਸੁਖਬੀਰ ਨੇ ਕਿਹਾ ਕਿ ਜਥੇਦਾਰ ਨੇ ਜੋ ਬਿਆਨ ਦਿੱਤਾ ਸੀ, ਉਸ ਦਾ ਮਤਲਬ ਇਹ ਸੀ ਕਿ ਜੇ ਸਰਕਾਰ ਸਮਰੱਥ ਨਹੀਂ ਹੈ ਤਾਂ ਉਨ੍ਹਾਂ ਨੂੰ ਲਾਇਸੈਂਸੀ ਹਥਿਆਰ ਅਲਾਟ ਕੀਤੇ ਜਾਣ ਤਾਂ ਜੋ ਇਨਸਾਨ ਖ਼ੁਦ ਦੀ ਰਾਖੀ ਕਰ ਸਕੇ। ਜੇ ਜਥੇਦਾਰ ’ਤੇ ਹਮਲਾ ਹੋ ਜਾਵੇ ਤਾਂ ਸੀ. ਐੱਮ. ਮਾਨ ਕੀ ਕਰਨਗੇ? ਕੀ 5 ਗੰਨਮੈਨ ਵਾਪਸ ਲੈਣ ਨਾਲ ਪੰਜਾਬ ਸਰਕਾਰ ਦਾ ਖਜ਼ਾਨਾ ਭਰ ਜਾਵੇਗਾ? ਸੀ. ਐੱਮ. ਮਾਨ ਦੇ ਖ਼ੁਦ ਦੀ ਸੁਰੱਖਿਆ ’ਚ 800 ਜਵਾਨ ਤਾਇਨਾਤ ਹਨ। ਪੰਜਾਬ ਸਰਕਾਰ ਨੇ ਦੂਜੇ ਸੂਬੇ ਦੇ ਸੀ. ਐੱਮ. ਕੇਜਰੀਵਾਲ ਦੀ ਸੁਰੱਖਿਆ ’ਚ 80 ਜਵਾਨ ਲਾਏ ਹੋਏ ਹਨ।

ਸਿੱਧੂ ਮੂਸੇਵਾਲਾ ਹੱਤਿਆ ਦੀ ਜਾਂਚ ਬਾਰੇ
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਚੱਲ ਰਹੀ ਜਾਂਚ ਬਾਰੇ ਸੁਖਬੀਰ ਨੇ ਕਿਹਾ ਕਿ ਮਾਨ ਸਰਕਾਰ ਦੀ ਸ਼ੁਰੂ ਤੋਂ ਕਵਰਅਪ ਕਰਨ ਦੀ ਆਦਤ ਰਹੀ ਹੈ ਅਤੇ ਹੁਣ ਵੀ ਪੰਜਾਬ ਸਰਕਾਰ ਇਸੇ ਕੰਮ ’ਚ ਲੱਗੀ ਹੋਈ ਹੈ। ਪੰਜਾਬ ਸਰਕਾਰ ਦੀ ਇਸ ਮਾਮਲੇ ’ਚ ਨੀਅਤ ਸਾਫ਼ ਨਹੀਂ। ਜੇ ਨੀਅਤ ਸਾਫ਼ ਹੈ ਤਾਂ ਗੈਂਗਸਟਰਾਂ ਨੂੰ ਫੜਨਾ ਮੁਸ਼ਕਿਲ ਕੰਮ ਨਹੀਂ।

ਬੰਦੀ ਸਿੱਖਾਂ ਦੀ ਰਿਹਾਈ ਬਾਰੇ
ਇਸ ਸਬੰਧੀ ਅਕਾਲੀ ਦਲ ਬੈਠਕ ਕਰਕੇ ਜਥੇਦਾਰਾਂ ਦੀ ਰਾਏ ਲੈ ਰਿਹਾ ਹੈ। ਅੱਜ ਬੰਦੀ ਸਿੱਖ 35-35 ਸਾਲ ਤੋਂ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਵਿਚ ਰੱਖਿਆ ਹੋਇਆ ਹੈ। ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਸੁਖਬੀਰ ਨੇ ਕਿਹਾ ਕਿ ਦਿੱਲੀ ਦੇ ਸੀ. ਐੱਮ. ਕੇਜਰੀਵਾਲ ਦੀ ਨੀਅਤ ਸਾਫ਼ ਨਹੀਂ। ਉਹ ਚਾਹੁਣ ਤਾਂ ਇਕ ਮਿੰਟ ਵਿਚ ਭੁੱਲਰ ਦੀ ਰਿਹਾਈ ਕਰ ਸਕਦੇ ਹਨ ਪਰ ਅੱਜ 6 ਮਹੀਨੇ ਹੋ ਗਏ, ਇਸ ’ਤੇ ਕੰਮ ਨਹੀਂ ਹੋਇਆ। ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਵੀ ਹੁਣ ਇਕ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਰਹਿ ਸਕਣ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਦੀਵਾਨ ਹਾਲ 'ਚੋਂ ਮਿਲੀ ਬਜ਼ੁਰਗ ਦੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News