ਸੁਖਨਾ ਦਾ ਪਾਣੀ ਪੱਧਰ 1155.8 ਫੁੱਟ, ਚੱਲਿਆ ਕਰੂਜ਼, ਬੋਟਿੰਗ ਏਰੀਆ ਵੀ ਨਾਰਮਲ

Monday, Aug 14, 2017 - 08:04 AM (IST)

ਸੁਖਨਾ ਦਾ ਪਾਣੀ ਪੱਧਰ 1155.8 ਫੁੱਟ, ਚੱਲਿਆ ਕਰੂਜ਼, ਬੋਟਿੰਗ ਏਰੀਆ ਵੀ ਨਾਰਮਲ

ਚੰਡੀਗੜ੍ਹ  (ਵਿਜੇ) - ਸੁਖਨਾ ਝੀਲ ਦੇ ਪਾਣੀ ਦਾ ਪੱਧਰ 1155.8 ਫੁਟ ਤਕ ਪਹੁੰਚ ਚੁੱਕਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਇਕ ਵਾਰ ਫਿਰ ਸੁਖਨਾ ਝੀਲ 'ਚ ਕਰੂਜ਼ ਨੂੰ ਉਤਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਝੀਲ ਦੇ ਬੋਟਿੰਗ ਏਰੀਆ 'ਚ ਇਸ ਸਮੇਂ 5 ਫੁੱਟ ਤਕ ਪਾਣੀ ਹੈ, ਜਿਸ ਕਾਰਨ ਸਿਟਕੋ ਨੇ ਕਰੂਜ਼ ਨੂੰ ਇਕ ਵਾਰ ਫਿਰ ਝੀਲ 'ਚ ਉਤਾਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਹੀ ਝੀਲ 'ਚ ਬੋਟਿੰਗ ਏਰੀਏ ਦਾ ਦਾਇਰਾ ਫਿਰ ਵਧਾ ਦਿੱਤਾ ਗਿਆ ਹੈ। ਜੁਲਾਈ ਤਕ ਝੀਲ 'ਚ ਪਾਣੀ ਘੱਟ ਹੋਣ ਕਾਰਨ ਬੋਟਿੰਗ ਏਰੀਆ ਘਟਾ ਦਿੱਤਾ ਗਿਆ ਸੀ। ਹਾਲਾਂਕਿ ਹੁਣ ਵੀ ਬੋਟਿੰਗ ਏਰੀਏ 'ਚ ਘੱਟ ਤੋਂ ਘੱਟ 8 ਫੁੱਟ ਪਾਣੀ ਦੀ ਹੋਰ ਜ਼ਰੂਰਤ ਹੈ, ਜਿਸ ਨਾਲ ਕਿ ਅਗਲੇ ਸਾਲ ਬੋਟਿੰਗ ਏਰੀਆ ਘੱਟ ਕਰਨ ਦੀ ਨੌਬਤ ਨਾ ਆਵੇ।
ਮਈ 'ਚ ਜਦੋਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਸਿਰਫ ਦੋ ਤੋਂ ਢਾਈ ਫੁੱਟ ਤਕ ਰਹਿ ਗਿਆ ਸੀ ਤਾਂ ਸਿਟਕੋ ਨੇ ਕਰੂਜ਼ ਨੂੰ ਰੋਕਣ ਦਾ ਫੈਸਲਾ ਲਿਆ ਸੀ। ਇਸਦੇ ਨਾਲ ਹੀ ਬੋਟਿੰਗ ਏਰੀਆ ਵੀ ਘੱਟ ਕਰ ਦਿੱਤਾ ਸੀ। ਹੁਣ ਸਥਿਤੀ ਸੁਧਰਨ ਤੋਂ ਬਾਅਦ ਸੈਲਾਨੀ ਫਿਰ ਕਰੂਜ਼ 'ਚ ਪਾਰਟੀ ਦਾ ਮਜ਼ਾ ਲੈ ਸਕਣਗੇ। ਇਸਦੇ ਨਾਲ ਹੀ ਬੋਟਿੰਗ ਏਰੀਆ ਵੀ ਆਮ ਕਰ ਦਿੱਤਾ ਗਿਆ ਹੈ।
ਸੁਖਨਾ ਦੇ ਫਿਰ ਸੁੱਕਣ ਦਾ ਖਤਰਾ
ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਅਗਲੇ ਸਾਲ ਝੀਲ ਦੇ ਫਿਰ ਸੁੱਕਣ ਦੀ ਸੰਭਾਵਨਾ ਵਧ ਗਈ ਹੈ। ਦਰਅਸਲ ਇਸ ਸਾਲ ਚੰਡੀਗੜ੍ਹ ਪ੍ਰਸ਼ਾਸਨ ਝੀਲ ਤੋਂ ਨਾ ਤਾਂ ਬੂਟੀ ਹਟਾਉਣ ਦਾ ਕੰਮ ਪੂਰਾ ਕਰ ਸਕਿਆ ਤੇ ਨਾ ਹੀ ਗਾਰ ਕੱਢਣ ਦਾ ਕੰਮ ਸ਼ੁਰੂ ਹੋ ਸਕਿਆ, ਜਿਸਦਾ ਅਸਰ ਹੁਣ ਅਗਲੇ ਸਾਲ ਸੁਖਨਾ ਝੀਲ 'ਚ ਦਿਸਣ ਨੂੰ ਮਿਲੇਗਾ।
ਜਾਣਕਾਰਾਂ ਅਨੁਸਾਰ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਦਾ ਹੱਲ ਉਦੋਂ ਤਕ ਨਹੀਂ ਨਿਕਲ ਸਕਦਾ ਜਦੋਂ ਤਕ ਇਥੋਂ ਗਾਰ ਹਟਾਈ ਨਹੀਂ ਜਾਂਦੀ। ਗਾਰ ਨਿਕਲਣ ਤੋਂ ਬਾਅਦ ਝੀਲ ਦੀ ਡੂੰਘਾਈ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਇਥੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਨੂੰ ਜਮ੍ਹਾ ਕੀਤਾ ਜਾ ਸਕੇ।
ਇਸ ਸਾਲ ਪ੍ਰਸ਼ਾਸਨ ਕੋਲ ਮੌਕਾ ਸੀ ਕਿ ਝੀਲ ਦੇ ਇਕ ਹਿੱਸੇ 'ਚੋਂ ਗਾਰ ਨੂੰ ਪੂਰੀ ਤਰ੍ਹਾਂ ਕੱਢਿਆ ਜਾ ਸਕਦਾ ਸੀ ਪਰ ਗਾਰ ਕੱਢਣ ਦਾ ਕੰਮ ਸਹੀ ਸਮੇਂ 'ਤੇ ਸ਼ੁਰੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਅਗਲੇ ਸਾਲ ਵੀ ਗਾਰ ਦੀ ਸਮੱਸਿਆ ਬਣੀ ਰਹੇਗੀ।  ਇਹੀ ਨਹੀਂ, ਝੀਲ ਦੇ ਰੈਗੂਲੇਟਰੀ ਕੰਢੇ 'ਚ ਬੂਟੀ ਵੀ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪੂਰੀ ਤਰ੍ਹਾਂ ਨਹੀਂ ਕੱਢੀ ਜਾ ਸਕਦੀ ਹੈ। ਸਾਫ ਹੈ ਕਿ ਜੇ ਅਗਲੇ ਸਾਲ ਵੀ ਸੁਖਨਾ ਦੇ ਸੁੱਕਣ ਦੀ ਸਥਿਤੀ ਬਣੀ ਤਾਂ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


Related News