ਸਾਬਕਾ ਮੰਤਰੀ 'ਰੰਧਾਵਾ' ਤੋਂ ਗੱਡੀ ਵਾਪਸ ਲੈਣ ਦੇ ਮਾਮਲੇ ਨੇ ਫੜ੍ਹਿਆ ਤੂਲ, 'ਆਪ' ਵਿਧਾਇਕਾਂ ਨੇ ਖੜ੍ਹੇ ਕੀਤੇ ਸਵਾਲ

04/28/2022 9:48:21 AM

ਚੰਡੀਗੜ੍ਹ (ਰਮਨਜੀਤ) : ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਿਛਲੀ ਸਰਕਾਰ ਦੌਰਾਨ ਅਲਾਟ ਹੋਈ ਇਨੋਵਾ ਕ੍ਰਿਸਟਾ ਗੱਡੀ ਨੂੰ ਵਾਪਸ ਕਰਨ ਦੇ ਮੁੱਦੇ ਨੇ ਤੂਲ ਫੜ੍ਹ ਲਿਆ ਹੈ। ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਇਸ ਮਾਮਲੇ ਸਬੰਧੀ ਪੱਤਰ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਕਈ ਵਿਧਾਇਕਾਂ ਨੇ ਸ਼ੇਅਰ ਕੀਤਾ ਅਤੇ ਰੰਧਾਵਾ ’ਤੇ ਸਵਾਲ ਖੜ੍ਹੇ ਕੀਤੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਡਾ. ਅਮਨਦੀਪ ਅਰੋੜਾ ਨੇ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜੇ ਪੱਤਰ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਮੰਤਰੀ ਦਾ ਅਹੁਦਾ ਜਾਣ ਤੋਂ ਬਾਅਦ ਵੀ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਿਨੇਟ ਰੈਂਕ ਦੇ ਮੰਤਰੀ ਨੂੰ ਮਿਲਣ ਵਾਲੀ ਗੱਡੀ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 5 ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਰਿਹਾ 'ਬਲੈਕ ਆਊਟ'

ਇਹ ਸਰਾਸਰ ਸਰਕਾਰੀ ਸਾਧਨਾਂ ਦਾ ਗਲਤ ਇਸਤੇਮਾਲ ਹੈ। ਗੱਡੀ ਵਾਪਸ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਉਨ੍ਹਾਂ ਨੂੰ ਪੱਤਰ ਲਿਖਣਾ ਪੈ ਰਿਹਾ ਹੈ। ਉੱਥੇ ਹੀ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵੀ ਇਸ ਪੱਤਰ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਵਿਭਾਗ ਵਲੋਂ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਰੰਧਾਵਾ ਵੱਲੋਂ ਗੱਡੀ ਵਾਪਸ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀ. ਆਈ. ਪੀ. ਕਲਚਰ ਹੁਣ ਨਹੀਂ ਚੱਲੇਗਾ ਕਿਉਂਕਿ ਹੁਣ ਪੰਜਾਬ ਵਿਚ ਲੋਕ ਰਾਜ ਆ ਚੁੱਕਿਆ ਹੈ। ਉੱਥੇ ਹੀ ਵਿਭਾਗ ਵਲੋਂ ਪੱਤਰ ਜਾਰੀ ਕੀਤੇ ਜਾਣ ਅਤੇ ਸੋਸ਼ਲ ਮੀਡੀਆ ਵਿਚ ਇਸ ਦੀ ਚਰਚਾ ਹੋਣ ਤੋਂ ਬਾਅਦ ਸਾਬਕਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਿਆਸੀ ਡਰਾਮੇਬਾਜ਼ੀ ਹੈ ਕਿਉਂਕਿ ਗੱਡੀ ਵਾਪਸ ਲੈਣ ਲਈ ਵਿਭਾਗ ਵੱਲੋਂ ਜਾਰੀ ਨੋਟਿਸ ਉਨ੍ਹਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਮੀਡੀਆ ਵਿਚ ਜਾਣ ਬੁੱਝ ਕੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਸੁਖਜਿੰਦਰ ਸਿੰਘ ਰੰਧਾਵਾ' ਨੂੰ ਟਰਾਂਸਪੋਰਟ ਵਿਭਾਗ ਵੱਲੋਂ ਨੋਟਿਸ ਜਾਰੀ, 'ਮੰਤਰੀ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰੋ'

ਫਿਲਹਾਲ ਸੂਤਰਾਂ ਮੁਤਾਬਕ ਮੀਡੀਆ ਵਿਚ ਨੋਟਿਸ ਸਬੰਧੀ ਖ਼ਬਰਾਂ ਚੱਲਣ ਤੋਂ ਬਾਅਦ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨੋਵਾ ਕ੍ਰਿਸਟਾ ਗੱਡੀ ਟਰਾਂਸਪੋਰਟ ਵਿਭਾਗ ਦੀ ਮੰਤਰੀ ਸ਼ਾਖਾ ਨੂੰ ਵਾਪਸ ਭੇਜ ਦਿੱਤੀ ਹੈ, ਜਿਸ ਦੀ ਪੁਸ਼ਟੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਕੀਤੀ ਹੈ। ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਉਮਰ ਵਿਚ ਵੱਡੇ ਹੋਣ ਦੇ ਨਾਤੇ ਉਹ ਸੁਖਜਿੰਦਰ ਸਿੰਘ ਰੰਧਾਵਾ ਦਾ ਸਨਮਾਨ ਕਰਦੇ ਹਨ ਪਰ ਵਿਭਾਗ ਡੇਢ ਮਹੀਨੇ ਤੱਕ ਇੰਤਜ਼ਾਰ ਕਰਦਾ ਰਿਹਾ ਕਿ ਰੰਧਾਵਾ ਆਪਣੀ ਨੈਤਿਕਤਾ ਨਾਲ ਹੀ ਗੱਡੀ ਵਾਪਸ ਭੇਜ ਦੇਣਗੇ ਕਿਉਂਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਜਿਸ ਗੱਡੀ ਦੀ ਉਹ ਵਰਤੋਂ ਕਰ ਰਹੇ ਹਨ, ਉਸ ਦੀ ਵਰਤੋਂ ਕਰਨ ਲਈ ਕੈਬਿਨੇਟ ਰੈਂਕ ਦਾ ਮੰਤਰੀ ਹੀ ਯੋਗ ਹੈ, ਹੁਣ ਨੋਟਿਸ ਭੇਜਿਆ ਤਾਂ ਗੱਡੀ ਵਾਪਸ ਵੀ ਆ ਗਈ ਹੈ।

ਇਹ ਵੀ ਪੜ੍ਹੋ : ਪਿੰਡ ਕੁਰਾਲਾ 'ਚ ਦਿਨ ਚੜ੍ਹਦੇ ਹੀ ਵੱਡੀ ਵਾਰਦਾਤ, ਗੋਲੀ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਇਹ ਨੈਤਿਕਤਾ ਦਾ ਮਾਮਲਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਗੱਡੀ ਵਾਪਸ ਕਰ ਦੇਣੀ ਚਾਹੀਦੀ ਸੀ। ਰੰਧਾਵਾ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਭੁੱਲਰ ਨੇ ਕਿਹਾ ਕਿ ਸਰਕਾਰੀ ਗੱਡੀ ਖੋਹਣ ਨਾਲ ਰੰਧਾਵਾ ਬੌਖ਼ਲਾ ਗਏ ਹਨ ਅਤੇ ਲੱਗਦਾ ਹੈ ਕਿ ਸੰਤੁਲਨ ਗੁਆ ਬੈਠੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News