ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਮਾਮਲਾ : ਹੁਣ ਉਸਾਰੀ 2 ਦੀ ਬਜਾਏ 3 ਸ਼ਿਫਟਾਂ ''ਚ ਕਰਵਾਈ ਜਾਵੇਗੀ

08/19/2019 2:08:29 PM

ਡੇਰਾ ਬਾਬਾ ਨਾਨਕ (ਕੰਵਲਜੀਤ) : ਕੈਬਨਿਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਜੋ ਭਾਰਤੀ ਇਲਾਕੇ 'ਚ ਚੱਲ ਰਿਹਾ ਹੈ ਹੁਣ ਉਹ ਸਮੇਂ 'ਤੇ ਕੰਮ ਪੂਰਾ ਕਰਨ ਲਈ 2 ਦੀ ਬਜਾਏ 3 ਸ਼ਿਫਟਾਂ 'ਚ ਕੀਤੀ ਜਾਵੇਗੀ। ਇਸ ਉਸਾਰੀ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ। ਡੇਰਾ ਬਾਬਾ ਨਾਨਕ ਵਿਸ਼ਰਾਮ ਘਰ 'ਚ ਉਨ੍ਹਾਂ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕਰ ਕੇ ਅਧਿਕਾਰੀਆਂ ਨੂੰ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਅਸੀਂ ਹਰੇਕ ਹਾਲਤ 'ਚ ਨਿਰਧਾਰਤ ਸਮੇਂ 'ਤੇ ਪੂਰਾ ਕਰਨਾ ਹੈ ਅਤੇ ਇਸ ਸਬੰਧੀ ਕੋਈ ਸਮਝੌਤਾ ਨਹੀਂ ਹੋ ਸਕਦਾ।

ਉਨ੍ਹਾਂ ਹੜ੍ਹ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਦਰਿਆ 'ਚ ਹੜ੍ਹ ਆਉਣ 'ਤੇ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਪ੍ਰਬੰਧ ਕੀਤਾ ਜਾਵੇ ਅਤੇ ਹਲਕੇ ਦੇ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਉਹ ਵੀ ਇਸ ਸਬੰਧੀ ਪ੍ਰਸ਼ਾਸਨ ਦੀ ਮਦਦ ਕਰਨ। ਇਸ ਮੌਕੇ ਉਨ੍ਹਾਂ ਨਾਲ ਆਏ ਪ੍ਰਵਾਸੀ ਭਾਰਤੀ ਐੱਸ. ਪੀ. ਐੱਸ. ਓਬਰਾਏ ਨੂੰ ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਸਹੂਲਤਾਂ ਉਪਲਬਧ ਕਰਵਾਉਣ। ਜਿਸ 'ਤੇ ਓਬਰਾਏ ਨੇ ਕਿਹਾ ਕਿ ਜਦ ਇਹ ਲਾਂਘਾ ਸ਼ੁਰੂ ਹੋਵੇਗਾ ਉਸ ਸਮੇਂ ਤੱਕ 5 ਕਰੋੜ ਰੁਪਏ ਖਰਚ ਕਰ ਕੇ ਸ਼ਰਧਾਲੂਆਂ ਲਈ ਪੀਣ ਵਾਲੇ ਪਾਣੀ ਅਤੇ ਦੁੱਧ ਦਾ ਪ੍ਰਬੰਧ ਕਰਨਗੇ। ਇਸ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿਕਾਸ ਦਾ ਜੋ ਵੀ ਕੰਮ ਹੋਵੇਗਾ ਉਹ ਜ਼ਰੂਰ ਕਰੇਗਾ।


Anuradha

Content Editor

Related News