ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਇਕ ਵੱਡੀ ਗਲਤੀ : ਮੰਤਰੀ
Wednesday, Apr 10, 2019 - 01:51 PM (IST)

ਜਲੰਧਰ (ਧਵਨ) : ਪੰਜਾਬ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਪੰਜਾਬ ਦੇ ਇਕ ਕੈਬਨਿਟ ਮੰਤਰੀ ਨੇ ਇਕ ਵੱਡੀ ਗਲਤੀ ਕਰਾਰ ਦਿੱਤਾ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ 'ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਕ ਨਾਜ਼ੁਕ ਮਸਲੇ ਦੀ ਜਾਂਚ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਨਿਯੁਕਤ ਕੀਤਾ ਗਿਆ ਸੀ। ਇਸ ਤਰ੍ਹਾਂ ਬਦਲੀਆਂ ਹੋਣ ਨਾਲ ਜਾਂਚ ਦੇ ਕੰਮਾਂ 'ਚ ਲੱਗੇ ਹੋਏ ਅਧਿਕਾਰੀਆਂ ਦੇ ਹੌਸਲੇ ਡਿੱਗਣਗੇ ਅਤੇ ਨਾਲ ਹੀ ਜਾਂਚ 'ਤੇ ਵੀ ਮਾੜਾ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਚੋਣਾਂ ਦੀ ਆੜ 'ਚ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਅਕਾਲੀ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਖੁਦ ਹੀ ਲੋਕਾਂ ਦੀਆਂ ਨਜ਼ਰਾਂ 'ਚ ਡਿੱਗ ਜਾਣਗੇ। ਬਾਦਲਾਂ ਨੇ ਜਾਣ-ਬੁੱਝ ਕੇ ਕੁੰਵਰ ਵਿਜੇ ਪ੍ਰਤਾਪ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ, ਜਿਸ ਪਿੱਛੋਂ ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਗਿਆ ਤਾਂ ਜੋ ਦੋਵੇਂ ਬਾਦਲ ਜਾਂਚ ਤੋਂ ਲੋਕਾਂ ਦਾ ਧਿਆਨ ਹਟਾ ਸਕਣ। ਉਨ੍ਹਾਂ ਕਿਹਾ ਕਿ ਨਰੇਸ਼ ਗੁਜਰਾਲ ਦੇ ਮੋਢੇ 'ਤੇ ਹੱਥ ਰੱਖ ਕੇ ਬੰਦੂਕ ਚਲਾਉਣ ਵਾਲੇ ਬਾਦਲ ਪਿਤਾ-ਪੁੱਤਰ ਅਤੇ ਅਕਾਲੀ ਦਲ ਨੂੰ ਲੋਕ ਇਨ੍ਹਾਂ ਚੋਣਾਂ 'ਚੋਂ ਖੁਦ ਹੀ ਸਬਕ ਸਿਖਾ ਦੇਣਗੇ। ਉਨ੍ਹਾਂ ਕੇਂਦਰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਵਲੋਂ ਕੀਤੀਆਂ ਜਾ ਰਹੀਆਂ ਝੂਠੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਾ ਲਏ ਅਤੇ ਨਿਰਪੱਖ ਢੰਗ ਨਾਲ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਤਬਦੀਲ ਕਰ ਕੇ ਉਨ੍ਹਾਂ 'ਤੇ ਦਬਾਅ ਨਾ ਪਾਵੇ। ਕਾਨੂੰਨ ਮੁਤਾਬਕ ਕੰਮ ਕਰਨ ਵਾਲੇ ਅਧਿਕਾਰੀਆਂ ਨਾਲ ਉਹ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੁੰਵਰ ਦੀ ਬਦਲੀ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਾਮਲਾ ਠੰਡਾ ਪੈਣ ਵਾਲਾ ਨਹੀਂ ਹੈ ਸਗੋਂ ਚੋਣਾਂ 'ਚ ਇਹ ਹੋਰ ਵੀ ਉਭਰ ਕੇ ਸਾਹਮਣੇ ਆਏਗਾ। ਸਿੱਖ ਭਾਈਚਾਰੇ ਨੂੰ ਵੀ ਪਤਾ ਲੱਗ ਗਿਆ ਹੈ ਕਿ ਕੁੰਵਰ ਦਾ ਤਬਾਦਲਾ ਕਰਵਾਉਣ ਪਿੱਛੇ ਕਿਹੜੇ ਵਿਅਕਤੀਆਂ ਦਾ ਹੱਥ ਹੈ।