ਸੁੱਖੀ ਚਾਹਲ ਦਾ ਇਕ ਹੋਰ ਟਵੀਟ, ਗੁਰਪਤਵੰਤ ਸਿੰਘ ਪੰਨੂ ਨੂੰ ਘੇਰਦੇ ਹੋਏ ਪੁੱਛਿਆ
Sunday, May 17, 2020 - 03:13 PM (IST)
ਜਲੰਧਰ (ਵਿਸ਼ੇਸ਼) : ਅਮਰੀਕਾ ਸਥਿਤ ਪੰਜਾਬ ਫਾਉਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਨੇ ਇਕ ਵਾਰ ਮੁੜ ਟਵੀਟ ਕਰ ਕੇ 'ਸਿਖਸ ਫਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਕੱਟੜ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। ਸੁੱਖੀ ਚਾਹਲ ਨੇ ਕਿਹਾ ਕਿ ਕਾਲੀ ਸੂਚੀ 'ਚ ਸ਼ਾਮਲ ਸਿੱਖ ਭਾਈਚਾਰੇ ਪ੍ਰਤੀ ਭਾਰਤ ਸਰਕਾਰ ਦੇ ਹਾਂ ਪੱਖੀ ਨਜ਼ਰੀਏ ਦਾ ਸਵਾਗਤ ਕਰਨ ਦੀ ਥਾਂ ਖਾਲਿਸਤਾਨ ਸਮਰਥਕ ਅਤੇ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕ ਪੰਜਾਬ 'ਚ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨ ਅਤੇ ਆਈ. ਐੱਸ. ਆਈ. ਦਗੀ ਧੁਨ 'ਤੇ ਕਿਉਂ ਨੱਚ ਰਹੇ ਹਨ? ਜ਼ਿਕਰਯੋਗ ਹੈ ਕਿ 1980 ਦੇ ਦਹਾਕੇ 'ਚ ਸਿੱਖ ਭਾਈਚਾਰੇ ਨਾਲ ਸਬੰਧਤ ਵਿਦੇਸ਼ 'ਚ ਵੱਸੇ ਕਈ ਲੋਕ ਭਾਰਤ ਵਿਰੋਧੀ ਸਰਗਰਮੀਆਂ ਦੇ ਚਲਦੇ ਕਾਲੀ ਸੂਚੀ 'ਚ ਪਾ ਦਿੱਤੇ ਗਏ ਸਨ। ਇਨ੍ਹਾਂ 'ਚ ਭਾਈਚਾਰੇ ਨਾਲ ਸਬੰਧਤ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਭਾਰਤੀ ਕਾਨੂੰਨ ਤੋਂ ਬਚਣ ਲਈ ਵਿਦੇਸ਼ਾਂ 'ਚ ਪਨਾਹ ਲਈ ਹੋਈ ਸੀ। ਇਨ੍ਹਾਂ ਸਰਗਰਮੀਆਂ ਕਾਰਣ ਉਹ ਭਾਰਤ ਆਉਣ ਲਈ ਵੀਜ਼ਾ ਸੇਵਾਵਾਂ ਦਾ ਲਾਭ ਲੈਣ ਦੇ ਆਯੋਗ ਹੋ ਗਏ ਸਨ।
ਇਹ ਵੀ ਪੜ੍ਹੋ : ਸੁੱਖੀ ਚਾਹਲ ਨੇ ਟਵੀਟ ਕਰਕੇ ਗੁਰਪਤਵੰਤ ਸਿੰਘ ਪਨੂੰ ਨੂੰ ਫਿਰ ਲਿਆ ਸਵਾਲਾਂ ਦੇ ਘੇਰੇ 'ਚ (ਵੀਡੀਓ)
2 ਨੂੰ ਛੱਡ ਬਾਕੀਆਂ ਦੇ ਨਾਂ ਕਾਲੀ ਸੂਚੀ ਤੋਂ ਹਟਾਏ ਗਏ
ਕਾਲੀ ਸੂਚੀ ਖਤਮ ਕਰਵਾਉਣਾ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਤਾਂ ਕਿ ਕਾਲੀ ਸੂਚੀ 'ਚ ਪਾਏ ਗਏ ਇਹ ਲੋਕ ਵਾਪਸ ਆਪਣੇ ਵਤਨ ਆ-ਜਾ ਸਕਣ ਅਤੇ ਜਿਨ੍ਹਾਂ ਲੋਕਾਂ ਨੇ ਪਨਾਹ ਲਈ ਹੋਈ ਹੈ ਉਨ੍ਹਾਂ ਨੂੰ ਵੀ ਆਸਾਨੀ ਨਾਲ ਵੀਜ਼ਾ ਮਿਲ ਸਕੇ। ਭਾਰਤ ਸਰਕਾਰ ਨੇ ਬੀਤੇ ਸਾਲ ਸਿੱਖ ਭਾਈਚਾਰੇ ਨਾਲ ਸੰਬੰਧਤ 314 ਵਿਦੇਸ਼ੀ ਨਾਗਰਿਕਾਂ ਦੀ ਕਾਲੀ ਸੂਚੀ ਦੀ ਸਮੀਖਿਆ ਕੀਤੀ ਅਤੇ 2 ਨਾਵਾਂ ਨੂੰ ਛੱਡ ਕੇ ਬਾਕੀ ਨਾਂ ਕਾਲੀ ਸੂਚੀ ਤੋਂ ਹਟਾ ਦਿੱਤੇ।
ਇਸ ਤਰ੍ਹਾਂ ਦੀ ਸਮੀਖਿਆ ਨਾਲ ਅਜਿਹੇ ਸਿੱਖ ਵਿਦੇਸ਼ੀ ਨਾਗਰਿਕਾਂ ਲਈ ਭਾਰਤ ਪਰਤਣ, ਆਪਣੇ ਪਰਿਵਾਰ ਨਾਲ ਮਿਲਣ ਦਾ ਰਸਤਾ ਖੁੱਲ੍ਹ ਗਿਆ।
ਉਨ੍ਹਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਸਵਾਲ ਕੀਤਾ ਕਿ ਸਿਖਸ ਫਾਰ ਜਸਟਿਸ ਅਤੇ ਉਸ ਵਰਗੀ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕ ਭਾਰਤ ਸਰਕਾਰ ਦੇ ਸਿੱਖ ਭਾਈਚਾਰੇ ਪ੍ਰਤੀ ਅਪਣਾਏ ਗਏ ਹਾਂਪੱਖੀ ਨਜ਼ਰੀਏ ਦੀ ਸ਼ਲਾਘਾ ਕਿਉਂ ਨਹੀਂ ਕਰਦੇ। ਭਾਰਤ ਸਰਕਾਰ ਦੇ ਕਦਮਾਂ ਦਾ ਸਵਾਗਤ ਕਰਨ ਦੀ ਥਾਂ ਇਹ ਅਨਸਰ ਉਨ੍ਹਾਂ ਲੋਕਾਂ 'ਤੇ ਲਾਹਨਤਾਂ ਲਾ ਰਹੇ ਹਨ ਜਿਨ੍ਹਾਂ ਨੇ ਵਿਨਾਸ਼ਕਾਰੀ ਰਸਤਾ ਛੱਡ ਕੇ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨ ਦਾ ਫੈਸਲਾ ਕੀਤਾ।