ਕੀ ਅਕਾਲੀ ਦਲ ਸੰਯੁਕਤ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਅਤੇ ਬਾਦਲਾਂ ਨੂੰ ਮਾਤ ਦੇਣ ’ਚ ਹੋਵੇਗਾ ਸਹਾਈ!
Wednesday, May 26, 2021 - 09:45 AM (IST)
ਮਜੀਠਾ (ਸਰਬਜੀਤ) - ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਨਾਤਾ ਤੋੜਨ ਤੋਂ ਬਾਅਦ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਜ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਹਿਲਾਂ ਆਪਣੀਆਂ-ਆਪਣੀਆਂ ਸਿਆਸੀਆਂ ਪਾਰਟੀਆਂ ਕ੍ਰਮਵਾਰ ਸ਼੍ਰੋਮਣੀ ਅਕਾਲੀ ਦਲ (ਡੀ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ। ਇਸ ਦਾ ਕਾਰਨ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੂਧੇ ਮੂੰਹ ਸੁੱਟਿਆ ਜਾ ਸਕੇ ਪਰ ਇਨ੍ਹਾਂ ਦੋਵਾਂ ਸਿਆਸੀ ਲੀਡਰਾਂ ਵਲੋਂ ਬਣਾਈਆਂ ਪਾਰਟੀਆਂ ਪੰਜਾਬ ਵਿੱਚ ਕੁਝ ਖ਼ਾਸ ਨਹੀਂ ਕਰ ਸਕੀਆਂ। ਇਨ੍ਹਾਂ ਦੋਵਾਂ ਰਾਜਨੇਤਾਵਾਂ ਨੇ ਇਕਜੁਟ ਹੋਣ ਦਾ ਆਪਸੀ ਫ਼ੈਸਲਾ ਲੈਂਦਿਆਂ ਹੁਣ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕਰ ਦਿੱਤਾ ਹੈ ਤਾਂ ਜੋ ਇਹ ਪੰਜਾਬ ਵਿੱਚ ਆਪਣਾ ਸਿੱਕਾ ਜਮਾ ਸਕਣ।
ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ
ਦੂਜੇ ਪਾਸੇ ਢੀਂਡਸਾ ਅਤੇ ਜ. ਬ੍ਰਹਮਪੁਰਾ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ‘ਯਹ ਰਾਹ ਇਤਨੀ ਨਹੀਂ ਆਸਾਨ’। ਇਸ ਲਈ ਜੇਕਰ ਸੂਬੇ ਵਿੱਚ ਆਪਣਾ ਦਬਦਬਾ ਉਕਤ ਦੋਵਾਂ ਰਾਜਨੇਤਾਵਾਂ ਨੇ ਕਾਇਮ ਰੱਖਣਾ ਹੈ ਤਾਂ ਇਨ੍ਹਾਂ ਨੂੰ ਜੀਅ ਤੋੜ ਮਿਹਨਤ ਕਰਨੀ ਹੋਵੇਗੀ ਅਤੇ ਨਿੱਤ ਦਿਨ ਨਵੇਂ ਸਿਆਸੀ-ਦਾਅ ਪੇਚ ਅਪਣਾਉਂਦੇ ਹੋਏ ਅਜਿਹੀ ਸਿਆਸੀ ਰਣਨੀਤੀ ਬਣਾਉਣੀ ਹੋਵੇਗੀ ਕਿ ਹਰੇਕ ਪਾਰਟੀ ਦਾ ਰਾਜਨੇਤਾ ਖੁਦ-ਬ-ਖੁਦ ਅਕਾਲੀ ਦਲ (ਸੰਯੁਕਤ) ਦੇ ਝੰਡੇ ਹੇਠ ਆਣ ਨੂੰ ਮਜਬੂਰ ਹੋਵੇ ਪਰ ‘ਅਜੈ ਦਿੱਲੀ ਦੂਰ ਹੈ’ ਵਾਲੀ ਕਹਾਵਤ ਢੀਂਡਸਾ ਅਤੇ ਬ੍ਰਹਮਪੁਰਾ ’ਤੇ ਬਿਲਕੁਲ ਢੁੱਕ ਰਹੀ ਹੈ, ਕਿਉਂਕਿ ਅਜੇ ਤਾਂ ਸਿਰਫ ਇਨ੍ਹਾਂ ਆਗੂਆਂ ਵਲੋਂ ਪਾਰਟੀ ਦਾ ਹੀ ਗਠਨ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਅਕਾਲੀ ਦਲ (ਸੰਯੁਕਤ) ਦੇ ਫਾਊਂਡਰ ਸੁਖਦੇਵ ਸਿੰਘ ਢੀਂਡਸਾ ਅਤੇ ਜ. ਰਣਜੀਤ ਸਿੰਘ ਬ੍ਰਹਮਪੁਰਾ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੀ ਪਾਰਟੀ ਦੀ ਸ਼ਾਖ ਨੂੰ ਵਧਾਉਣਾ ਹੈ ਤਾਂ ਲੋਕ ਮਨਾਂ ਵਿੱਚ ਅਕਾਲੀ ਦਲ (ਸੰਯੁਕਤ) ਪ੍ਰਤੀ ਚਾਹਤ ਪੈਦਾ ਕਰਨੀ ਪਵੇਗੀ। ਜ਼ਿਆਦਾਤਰ ਰਾਜਸੀ ਪਾਰਟੀਆਂ ਨੂੰ ਆਪਣੇ ਨਾਲ ਇਕ ਮੰਚ ’ਤੇ ਇਕੱਠਾ ਕਰਨਾ ਹੋਵੇਗਾ ਅਤੇ ਸਮਾਂ ਰਹਿੰਦਿਆਂ ਉਨ੍ਹਾਂ ਵਲੋਂ ਦਿੱਤੇ ਜਾਣ ਵਾਲੇ ਸੁਝਾਅ ਦੇ ਨਾਲ-ਨਾਲ ਰੱਖੀਆਂ ਜਾਣ ਵਾਲੀਆਂ ਸ਼ਰਤਾਂ ਨੂੰ ਮੰਨਣਾ ਪਵੇਗਾ। ਜੇਕਰ ਉਕਤ ਸਿਆਸੀ ਦਿੱਗਜ ਸੁਝਾਅ ਤੇ ਸ਼ਰਤਾਂ ਨੂੰ ਮੰਨ ਲੈਂਦੇ ਹਨ ਤਾਂ ਫਿਰ ਇਨ੍ਹਾਂ ਨਾਲ ਤੁਰਨ ਵਾਲੀਆਂ ਰਾਜਸੀ ਪਾਰਟੀਆਂ ਦੇ ਮਿਲਣ ਵਾਲੇ ਸਮਰੱਥਨ ਅਤੇ ਤਾਕਤ ਕਾਰਨ ਜਿਥੇ ਅਕਾਲੀ ਦਲ ਸੰਯੁਕਤ ਮਜ਼ਬੂਤੀ ਵੱਲ ਪੈਰ ਪੁੱਟੇਗਾ। ਉਥੇ ਨਾਲ ਹੀ ਇਸ ਦੀਆਂ ਪੌਂ ਬਾਰਾਂ ਹੋਣਗੀਆਂ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਇਸ ਤੋਂ ਇਲਾਵਾ ਉਕਤ ਦੋਵਾਂ ਲੀਡਰਾਂ ਨੂੰ ਜਲਦ ਤੋਂ ਜਲਦ ਆਪਣੇ ਨਵੇਂ ਗਠਿਤ ਅਕਾਲੀ ਦਲ (ਸੰਯੁਕਤ) ਦੇ ਪੰਜਾਬ, ਜ਼ਿਲ੍ਹਾ, ਸ਼ਹਿਰ, ਕਸਬੇ ਅਤੇ ਪਿੰਡ ਪੱਧਰ ’ਤੇ ਯੂਨਿਟ ਕਾਇਮ ਕਰਨੇ ਹੋਣਗੇ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੋਂ ਜੁੜਨਾ ਪਵੇਗਾ ਤਾਂ ਜੋ ਪੰਜਾਬ ਦੀ ਆਵਾਮ ਇਸ ਨਵੇਂ ਅਕਾਲੀ ਦਲ ਦੇ ਆਗੂਆਂ ਦੀ ਪਛਾਣ ਕਰ ਸਕੇ। ਅਕਾਲੀ ਦਲ ਬਾਦਲ ਦੀ ਪਛਾਣ ਹਰੇਕ ਬਸ਼ਿੰਦੇ ਨੂੰ ਹੈ ਪਰ ਅਕਾਲੀ ਦਲ ਸੰਯੁਕਤ ਦੀ ਨਹੀਂ। ਇਸ ਲਈ ਇਹ ਸਭ ਆਉਣ ਵਾਲੇ ਦੋ-ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਢੀਂਡਸਾ ਤੇ ਬ੍ਰਹਮਪੁਰਾ ਨੂੰ ਸਾਂਝੇ ਤੌਰ ’ਤੇ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਤੇ ਪੰਜਾਬ ਵਿਚ ਆਪਣੀ ਪਾਰਟੀ ਨੂੰ ਪੈਰਾਂ ’ਤੇ ਖੜ੍ਹਾ ਕਰਨਾ ਹੋਵੇਗਾ। ਜੇਕਰ ਉਕਤ ਦੋਵੇਂ ਦਿੱਗਜ ਤੇ ਘਾਗ ਸਿਆਸਦਾਨ ਅਜਿਹਾ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਫਿਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਹ ਆਪਣੇ ਉਮੀਦਵਾਰ ਵੀ ਖੜ੍ਹੇ ਕਰ ਸਕਣਗੇ।
ਪੜ੍ਹੋ ਇਹ ਵੀ ਖਬਰ - ਸ਼੍ਰੀਨਗਰ ਵਿਖੇ ਟਰੱਕ ਹਾਦਸੇ ’ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਭੁੰਬਾ ਮਾਰ ਰੋਇਆ ਪਰਿਵਾਰ