ਭਾਈ ਮੋਹਕਮ ਸਿੰਘ ਸੁਖਦੇਵ ਸਿੰਘ ਢੀਂਡਸਾ ਦੇ ਧੜੇ 'ਚ ਹੋਏ ਸ਼ਾਮਲ
Saturday, Jul 25, 2020 - 08:44 PM (IST)
ਜਲੰਧਰ (ਬੁਲੰਦ)— ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਲੇ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਜਲੰਧਰ 'ਚ ਇਕ ਹੋਰ ਵੱਡਾ ਧਮਾਕਾ ਕਰ ਦਿੱਤਾ ਗਿਆ। ਜਲੰਧਰ 'ਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਭਾਈ ਮੋਹਕਮ ਸਿੰਘ ਦੀ ਅਗਵਾਈ ਵਾਲਾ ਯੂਨਾਈਟਿਡ ਅਕਾਲੀ ਦਲ ਅੱਜ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਡੀ) 'ਚ ਸ਼ਾਮਲ ਹੋ ਗਿਆ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਭਾਈ ਮੋਹਕਮ ਸਿੰਘ ਦੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਸਨਮਾਨਤ ਕਰਦੇ ਹੋਏ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਭਾਈ ਮੋਹਕਮ ਸਿੰਘ ਦੇ ਸਮਰਥਕਾਂ ਨੂੰ ਸੰਬੋਧਨ ਕਰਦੇ ਕਿਹਾ ਕਿਹਾ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਮੁੱਖ ਮੰਤਰੀ ਵੀ ਨਹੀਂ ਬਣਨਗੇ। ਇਸ ਦੇ ਨਾਲ ਹੀ ਉਹ ਕੋਈ ਵੀ ਅਹੁਦਾ ਨਹੀਂ ਲੈਣਗੇ।
ਬੇਅਦਬੀ ਦੇ ਮੁੱਦੇ 'ਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਇਕੱਠੇ ਹੋ ਕੇ ਖੜ੍ਹੇ ਹੋਣ ਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੇਅਦਬੀ ਖ਼ਿਲਾਫ਼ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਨਹੀਂ ਹਨ ਸਗੋਂ ਇਕ ਸੇਵਕ ਹਨ ਅਤੇ ਪਾਰਟੀ ਤੋਂ ਹਟ ਕੇ ਉਹ ਕੋਈ ਵੀ ਫੈਸਲਾ ਨਹੀਂ ਲੈਣਗੇ।