ਢੀਂਡਸਾ ਦਾ ਵੱਡਾ ਬਿਆਨ, ਹਮਖਿਆਲੀਆਂ ਨਾਲ ਮਿਲ ਕੇ ਹੋਵੇਗਾ ਨਵੀਂ ਪਾਰਟੀ ਦਾ ਗਠਨ

Thursday, Jun 18, 2020 - 04:51 PM (IST)

ਢੀਂਡਸਾ ਦਾ ਵੱਡਾ ਬਿਆਨ, ਹਮਖਿਆਲੀਆਂ ਨਾਲ ਮਿਲ ਕੇ ਹੋਵੇਗਾ ਨਵੀਂ ਪਾਰਟੀ ਦਾ ਗਠਨ

ਸੰਗਰੂਰ (ਸਿੰਗਲਾ): ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਅਸਲ ਲੀਹਾਂ ਤੇ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਮੋਗੇ ਦੀ ਸਿਆਸਤ 'ਚ ਵੱਡਾ ਧਮਾਕਾ ਹੋਇਆ, ਜਦੋਂ ਸਾਬਕਾ ਸੂਚਨਾ ਕਮਿਸ਼ਨਰ ਸਰਦਾਰ ਨਿਧੱੜਕ ਸਿੰਘ ਬਰਾੜ ਨੇ ਪ੍ਰਸ਼ਾਸਨਕ ਅਹੁਦੇ ਤੋਂ ਰਿਟਾਇਰ ਹੁੰਦਿਆਂ ਹੀ ਮੁੜ ਸਿਆਸਤ 'ਚ ਨਵੀਂ ਪਾਰੀ ਖੇਡਣ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾ ਲਏ।'ਜਗ ਬਾਣੀ' ਨੂੰ ਜਸਵਿੰਦਰ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਧੱੜਕ ਸਿੰਘ ਬਰਾੜ ਪੰਜਾਬ ਦੀ ਸਿਆਸਤ 'ਚ ਸਾਫ-ਸੁਥਰੀ ਪਰਛਾਈ ਅਤੇ ਜੋੜ-ਤੋੜ ਦੀ ਰਾਜਨੀਤੀ ਲਈ ਮੰਨਿਆ ਜਾਂਦਾ ਚਿਹਰਾ ਹੈ। ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਨਿਧੱੜਕ ਸਿੰਘ ਬਰਾੜ ਨੇ ਹਮੇਸ਼ਾ ਬੇਦਾਗ਼ ਰਹਿ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਤੱਕ ਦੇ ਅਹਿਮ ਅਹੁਦੇ ਤੱਕ ਕੰਮ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨਿਧੜਕ ਸਿੰਘ ਬਰਾੜ ਵਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਾ ਪੰਜਾਬ ਦੀ ਸਿਆਸਤ 'ਚ ਨਵਾਂ ਅਵਾਰ ਲਿਆਵੇਗਾ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ

ਢੀਂਡਸਾ ਨੇ ਬਰਾੜ ਦੇ ਗ੍ਰਹਿ ਵਿਖੇ ਅਹਿਮ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਧੜਕ ਸਿੰਘ ਬਰਾੜ ਨੂੰ ਮੈਂ ਪਿਛਲੇ ਵੀਹ ਸਾਲਾਂ ਤੋਂ ਜਾਣਦਾ ਹਾਂ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਰਲ ਕੇ ਇਕ ਪਰਿਵਾਰ ਦੇ ਚੁੰਗਲ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁਕਤ ਕਰਵਾ ਕੇ ਮੁੜ ਪਾਰਟੀ ਨੂੰ ਮਜ਼ਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਜਿਸ ਨੇ ਪਿਛਲੇ ਸਮੇਂ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲੰਮਾ ਸਮਾਂ ਸੰਘਰਸ਼ ਕੀਤਾ। ਪਰ ਹੁਣ ਕੁਝ ਲੋਕਾਂ ਨੇ ਆਪਣੇ ਵਪਾਰਕ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਹੈ। ਸ. ਪ੍ਰਕਾਸ਼ ਸਿੰਘ ਬਾਦਲ ਤੇ ਸਾਡੇ ਪੁਰਾਣੇ ਸਾਥੀ ਬੇਵੱਸ ਹੋ ਗਏ ਹਨ। ਇਸ ਕਰਕੇ ਪਾਰਟੀ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੈਂ ਇਨ੍ਹਾਂ ਗਲਤ ਫੈਸਲਿਆਂ ਖਿਲਾਫ ਪਹਿਲਾਂ ਪਾਰਟੀ ਅੰਦਰ ਰਹਿ ਕੇ ਵਿਰੋਧ ਕਰਦਾ ਰਿਹਾ ਹਾਂ ਪਰ ਹੁਣ ਪਾਰਟੀ ਦੀ ਮਜ਼ਬੂਤੀ ਅਤੇ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਸ਼ਹਿਰ-ਸ਼ਹਿਰ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹਾਂ, ਜਿਸ ਲਈ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਸਮੇਂ 'ਚ ਅਸੀਂ ਸਭ ਹਮਖਿਆਲੀ ਲੋਕ ਮਿਲ ਕੇ ਪੰਜਾਬ ਅਤੇ ਪੰਥ ਦੇ ਵਿਕਾਸ ਲਈ ਜਲਦੀ ਇੱਕ ਪਲੇਟਫ਼ਾਰਮ ਦੇਣ ਜਾ ਰਹੇ ਹਾਂ। ਅਸੀਂ ਪੰਜਾਬ 'ਚ ਇਕ ਨਵੀਂ ਪਾਰਟੀ ਬਣਾ ਕੇ ਸਭ ਧਰਮਾਂ, ਵਰਗਾਂ ਹਰ ਉਮਰ ਦੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੀ ਤਰੱਕੀ ਲਈ ਭ੍ਰਿਸ਼ਟਾਚਾਰੀ ਲੋਕਾਂ ਨੂੰ ਪਾਸੇ ਕਰਨ ਲਈ ਤੁਹਾਡੇ ਤੋਂ ਸਾਥ ਚਾਹੁੰਦੇ ਹਾਂ, ਤਾਂ ਕਿ ਪੰਜਾਬ ਚੋਂ ਗਰੀਬੀ, ਭ੍ਰਿਸ਼ਟਾਚਾਰੀ , ਬਦਅਮਨੀ ਅਤੇ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਗੁਰੂਹਰਸਹਾਏ : ਸੋਸ਼ਲ ਮੀਡੀਆ 'ਤੇ ਟਿੱਕੀਆਂ ਵਾਲੇ ਦੀ ਝੂਠੀ ਅਫਵਾਹ ਤੋਂ ਬਾਅਦ ਪੁਲਸ ਨੇ ਸੀਲ ਕੀਤਾ ਘਰ

ਇਸ ਮੌਕੇ ਜੀ ਆਇਆ ਨੂੰ ਆਖਦਿਆਂ ਨਿਧੱੜਕ ਸਿੰਘ ਬਰਾੜ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਜੋ 60 ਸਾਲਾਂ ਤੋਂ ਅਕਾਲੀ ਸਿਆਸਤ ਵਿੱਚ ਬਹੁਤ ਅਹਿਮ ਅਹੁਦਿਆਂ ਤੇ ਰਹੇ ਹਨ। ਜਿਨ੍ਹਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ, ਪਰ ਸ਼੍ਰੋਮਣੀ ਅਕਾਲੀ ਦਲ ਅੰਦਰ ਆਏ ਨਿਘਾਰ ਖਿਲਾਫ ਬੇਬਾਕ ਹੋ ਕੇ ਆਵਾਜ਼ ਉਠਾਈ ਅਤੇ ਖਤਮ ਹੋਈ ਜਮਹੂਰੀਅਤ ਨੂੰ ਮੁੜ ਬਹਾਲ ਕਰਨ ਦਾ ਬੀੜਾ ਚੁੱਕਿਆ ਹੈ। ਅਸੀਂ ਇਸ  ਲੜਾਈ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਮੁੜ ਚੜ੍ਹਦੀ ਕਲਾ ਵਿੱਚ ਆ ਸਕੇ।


author

Shyna

Content Editor

Related News