ਹਲਕਾ ਨਿਹਾਲ ਸਿੰਘ ਵਾਲਾ ਦੀ ਅਕਾਲੀ ਸਿਆਸਤ ''ਚ ਧਮਾਕਾ
Sunday, Feb 09, 2020 - 04:41 PM (IST)
ਨਿਹਾਲ ਸਿੰਘ ਵਾਲਾ (ਗੋਪੀ, ਬਾਬਾ) : ਹਲਕਾ ਨਿਹਾਲ ਸਿੰਘ ਵਾਲਾ ਦੀ ਅਕਾਲੀ ਸਿਆਸਤ ਵਿਚ ਅੱਜ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਇਲਾਕੇ ਦੇ ਸਿਰਕੱਢ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ। ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਰਾਜ ਸਿੰਘ ਦਾਉਧਰ, ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਸਾਬਕਾ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਜਰਨੈਲ ਸਿੰਘ ਰਾਮਾ 2007 'ਚ ਅਕਾਲੀ ਦਲ ਵਲੋਂ ਚੋਣ ਲੜਨ ਵਾਲੇ, ਸਾਬਕਾ ਸਰਪੰਚ ਇੰਦਰਜੀਤ ਸਿੰਘ ਰਾਮਾ ਸਣੇ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮਨਮਰਜ਼ੀਆਂ ਤੋਂ ਨਾਰਾਜ਼ ਹੋ ਕੇ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ।
ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਢੀਂਡਸਾ ਪਿਉ ਪੁੱਤ ਨੂੰ ਪਹਿਲਾਂ ਨੋਟਿਸ ਦੇਣ ਦੀ ਗੱਲ ਕਰਕੇ ਫਿਰ ਬਿਨਾਂ ਨੋਟਿਸ ਦਿੱਤਿਆਂ ਹੀ ਪਾਰਟੀ ਵਿਚੋਂ ਬਾਹਰ ਕਰਨ ਦਾ ਫੈਸਲਾ ਕਰਕੇ ਆਪਣੀ ਹਊਮੈ ਭਰੀ ਬੁੱਧੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਿਯਮਾਂ ਅਤੇ ਅਸੂਲਾਂ ਨਾਲ ਚੱਲਦੀਆਂ ਹਨ ਪਰ ਅਕਾਲੀ ਦਲ ਦਾ ਪ੍ਰਧਾਨ ਅਤੇ ਅਕਾਲੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਦੇ ਤਿੱਖੇ ਜਵਾਬ ਤੋਂ ਡਰਦਿਆਂ ਨੋਟਿਸ ਨਹੀਂ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਿਵਾਰਿਕ ਲਾਲਚਾਂ ਦੇ ਭਾਰੂ ਹੋਣ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਪਿਆ ਸੀ।
ਅਕਾਲੀ ਚਿੰਤਕ ਅਤੇ ਵਰਕਰ, ਲੀਡਰ ਇਹ ਸਮਝਦੇ ਸਨ ਕਿ ਪਾਰਟੀ ਸੰਜੀਦਾ ਵਿਚਾਰ ਕਰਕੇ ਇਸ ਨਮੋਸ਼ੀ ਭਰੀ ਹਾਰ ਦੇ ਕਾਰਨਾਂ ਦਾ ਪਤਾ ਲਗਾ ਕੇ ਅਕਾਲੀ ਦਲ ਨੂੰ ਜਿੱਤ ਵੱਲ ਲਿਜਾਉਣ ਦੇ ਯਤਨ ਕਰੇਗੀ ਪਰ 2017 ਵਿਚ ਫੇਲ ਹੋ ਚੁੱਕੀ ਲੀਡਰਸ਼ਿਪ ਹੋਰ ਵੀ ਨਿਘਾਰ ਵੱਲ ਜਾ ਰਹੀ ਹੈ। ਜਿਵੇਂ ਸੰਗਰੂਰ ਰੈਲੀ ਸਮੇਂ ਸੁਖਬੀਰ ਬਾਦਲ ਨੇ ਸੀਨੀਅਰ ਅਤੇ ਬੇਦਾਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਬਾਦਲ ਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਾ ਹੈ। ਜਿਵੇਂ ਸੁਖਬੀਰ ਬਾਦਲ ਨੇ ਸਟੇਜ ਤੋਂ ਸ਼ਰੇਆਮ ਕਿਹਾ ਕਿ ਢੀਂਡਸਿਆਂ ਦਾ ਅੱਜ ਭੋਗ ਪੈ ਗਿਆ, ਮੈਂ ਉਹਨਾਂ ਦੀ ਅੰਤਿਮ ਅਰਦਾਸ ਤੇ ਆਇਆ ਹਾਂ। ਇਹ ਸ਼ਬਦਾਵਲੀ ਨਾ ਸਹਿਣਯੋਗ ਹੈ। ਇਸ ਕਰਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਕਾਲੀ ਵਰਕਰਾਂ ਨੇ ਇਕ ਮੀਟਿੰਗ 18 ਫਰਵਰੀ ਦੁਪਹਿਰ 12 ਵਜੇ ਬਲਵੀਰ ਪੈਲੇਸ ਬੱਧਨੀ ਕਲਾਂ ਵਿਖੇ ਰੱਖੀ ਹੈ, ਜਿਸ ਨੂੰ ਸੁਖਦੇਵ ਸਿੰਘ ਢੀਂਡਸਾ ਸੰਬੋਧਨ ਕਰਨਗੇ।