ਰੱਬ ਆਸਰੇ ਚੱਲ ਰਿਹਾ ਅਕਾਲੀ-ਭਾਜਪਾ ਗਠਜੋੜ : ਧਰਮਸੌਤ
Tuesday, Jan 14, 2020 - 04:38 PM (IST)
ਨਾਭਾ (ਜੈਨ)— ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲੀ 'ਤੇ ਕਿਹਾ ਹੈ ਕਿ ਬਾਦਲਾਂ ਤੇ ਮਜੀਠੀਆ ਖਿਲਾਫ ਬਗਾਵਤ ਹੁਣ ਕਿਸੇ ਵੀ ਸਮੇਂ ਅੱਗ ਦੀ ਚਿੰਗਾੜੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਵਿਰੋਧੀ ਧਿਰ ਆਗੂ ਦਾ ਅਹੁਦਾ ਵੀ ਨਸੀਬ ਨਹੀਂ ਹੋਇਆ ਸੀ। ਹੁਣ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ ਕਿ ਅਗਲੀਆਂ 2022 ਚੋਣਾਂ ਵਿਚ ਇਹ ਪਾਰਟੀ ਚੌਥੇ ਨੰਬਰ 'ਤੇ ਜਾ ਸਕਦੀ ਹੈ। ਧਰਮਸੌਤ ਨੇ ਕਿਹਾ ਕਿ ਮੈਂ ਤਾਂ 6 ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਪਾਰਟੀ ਨੂੰ ਜਲਦੀ ਹੀ ਅਲਵਿਦਾ ਕਹਿਣਗੇ ਕਿਉਂਕਿ ਬਾਦਲ ਪਰਿਵਾਰ ਦੇ ਨੇੜਲੇ ਸਾਥੀ ਤੇ ਬਜ਼ੁਰਗ ਟਕਸਾਲੀ ਆਗੂ ਕਿਸੇ ਵੀ ਕੀਮਤ 'ਤੇ ਸੁਖਬੀਰ ਬਾਦਲ ਨੂੰ ਪਾਰਟੀ ਆਗੂ ਮੰਨਣ ਲਈ ਤਿਆਰ ਨਹੀਂ ਹਨ। ਇਸੇ ਕਰਕੇ ਮਾਲਵਾ, ਮਾਝਾ ਤੇ ਦੋਆਬਾ ਵਿਚ ਅਕਾਲੀ ਦਲ ਦੀ ਅੰਦਰੂਨੀ ਫੁੱਟ ਵੱਧ ਰਹੀ ਹੈ।
ਧਰਮਸੌਤ ਨੇ ਕਿਹਾ ਕਿ ਪਿਛਲੇ 30 ਮਹੀਨਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗ੍ਰਾਫ ਡਿੱਗ ਰਿਹਾ ਹੈ। ਇਕ ਪਾਸੇ ਅਕਾਲੀ ਦਲ ਕੇਂਦਰੀ ਸਰਕਾਰ ਵਿਚ ਭਾਈਵਾਲ ਹੈ ਤੇ ਐਨ. ਡੀ. ਏ. ਵਿਚ ਸ਼ਮਾਲ ਹੈ, ਦੂਜੇ ਪਾਸੇ ਭਾਜਪਾ ਆਗੂ ਅਕਾਲੀ ਦਲ ਛੱਡਣ ਵਾਲੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਅਹੁਦੇ ਵੰਡ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਗਠਜੋੜ ਰੱਬ ਸਹਾਰੇ ਹੀ ਚੱਲ ਰਿਹਾ ਹੈ। 10 ਸਾਲਾਂ ਦੇ ਸ਼ਾਸਨ ਵਿਚ ਸੁਖਬੀਰ ਤੇ ਮਜੀਠੀਆ ਨੇ ਮਾਫੀਆ ਗਿਰੋਹ ਕਾਇਮ ਕਰਕੇ ਪੰਜਾਬ ਦੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਕੁੱਟਿਆ ਹੈ। ਹੁਣ ਕੈਪਟਨ ਅਮਰਿੰਦਰ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਦੇਖ ਕੇ ਬੌਖਲਾਹਟ ਵਿਚ ਆ ਗਏ ਹਨ ਅਤੇ ਪੁੱਠੇ ਸਿੱਧੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਪੰਜਾਬ ਵਾਸੀ ਸਿਆਣੇ ਹਨ ਅਤੇ ਅਕਾਲੀਆਂ ਨੂੰ ਅਜ਼ਮਾ ਚੁੱਕੇ ਹਨ। ਧਰਮਸੌਤ ਨੇ ਦਾਅਵਾ ਕੀਤਾ ਕਿ ਇਸ ਸਮੇਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਸਿਆਸੀ ਬਦਲ ਨਹੀਂ ਹੈ।