ਸੁਖਬੀਰ ਸਿੰਘ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦਾ ਸਵਾਗਤ
Tuesday, Nov 16, 2021 - 08:14 PM (IST)
ਨਵਾਂਸ਼ਹਿਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਨੀਆ ਪਰ ਵਿਚ ਵਸਦੀ ਸਿੱਖ ਕੌਮ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹੱਣ ਦੇ ਫੈਸਲੇ ਦਾ ਸਵਾਗਤ ਕੀਤਾ।
ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਯ ਹਲਕੇ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ. ਨਛੱਤਰ ਪਾਲ ਦੀ ਹਮਾਇਤ ਵਿਚ ਕਈ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਸੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹੱਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਮ ਸਾਧਾਰਣ ਸ਼ਰਧਾਲੂਆਂ, ਜੋ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਲਾਂਘਾ ਖੁਲ੍ਹੱਣ ਦੀ ਉਡੀਕ ਕਰ ਰਹੇ ਸਨ, ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਸਰਦਾਰ ਸੁਖਬੀਰ ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਪੰਥ ਵਿਰੋਧੀ ਤਾਕਤਾਂ ਦੇ ਜਾਲ ਵਿਚ ਨਾ ਫਸਣ ਕਿਉਂਕਿ ਇਹ ਤਾਕਤਾਂ ਸਿੱਖੀ ਦਾ ਭੇਸ ਧਾਰ ਕੇ ਕੌਮ ਨੂੰ ਅੰਦਰੋਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਨਾਲ ਨਾਲ ਉਨ੍ਹਾਂ ਦੀ ਪ੍ਰਤੀਨਿਧ ਪਾਰਟੀ ਅਕਾਲੀ ਦਲ ਦੀ ਸਾਖ਼ ਨੂੰ ਖੋਰਾ ਲਗਾ ਕੇ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਲਈ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕੌਮ ਨੂੰ ਅਜਿਹੇ ਗੱਦਾਰਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਿਨ੍ਹਾਂ ਦਾ ਇਕਲੌਤਾ ਮਕਸਦ ਸਿੱਖਾਂ ਦੇ ਮਨਾਂ ਵਿਚ ਉਨ੍ਹਾਂ ਦੇ ਚੁਣੇ ਹੋਏ ਧਾਰਮਿਕ ਤੇ ਸਿਆਸੀ ਆਗੂਆਂ ਖ਼ਿਲਾਫ਼ ਸ਼ੱਕ ਪੈਦਾ ਕਰਨਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕੌਮ ਵਿਚ ਫੁੱਟ ਪਾਉਣ ਵਾਸਤੇ ਭਾਵੁਕ ਮਸਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਸਾਜ਼ਿਸ਼ਾਂ ਜੋ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਰਚੀਆਂ ਜਾ ਰਹੀਆਂ ਹਨ, ਖ਼ਿਲਾਫ਼ ਪਹਿਰਾ ਦੇਣਾ ਪਵੇਗਾ।
ਜਦੋਂ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਦਾਖਾ ਦੇ ਵਿਧਾਇਕਾਂ ਨੂੰ ਆਮਦਨ ਕਰ ਵਿਭਾਗ ਦੇ ਛਾਪਿਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇਯਾਲੀ ਦਾ ਕਸੂਰ ਇਹ ਹੈ ਕਿ ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਵੀ ਅਜਿਹਾ ਕਰਦੇ ਰਹਾਂਗੇ ਤੇ ਅਜਿਹੀਆਂ ਡਰਾਉਣ ਵਾਲੀਆਂ ਤਰਕੀਬਾਂ ਨਾਲ ਅਕਾਲੀ ਦਲ ਅਤੇ ਇਸਦੇ ਵਰਕਰਾਂ ਨੁੰ ਕਿਸਾਨਾਂ ਨਾਲ ਇਕਜੁੱਟਤਾ ਦੀ ਆਵਾਜ਼ ਚੁੱਕਣ ਤੋਂ ਰੋਕਿਆ ਨਹੀਂ ਜਾ ਸਕਦਾ।
ਡਾ. ਨਛੱਤਰਪਾਲ ਲਈ ਪ੍ਰਚਾਰ ਕਰਦਿਆਂ ਸਰਦਾਰ ਬਾਦਲ ਨੇ ਆਪਣੀ ਗੱਡੀ ਰਾਹੋਂ ਕੋਲ ਰੋਕੀ ਅਤੇ ਸੜਕ ਦੇ ਕੰਢ ਕੰਮ ਕਰ ਰਹੀਆਂ ਮਨਰੇਗਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਮਹਿਲਾ ਵਰਕਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਨੀਲੇ ਕਾਰਡ ਹੋਣ ਦੇ ਬਾਵਜੂਦ ਉਹਨਾਂ ਨੂੰ ਸਮਾਜ ਭਲਾਈ ਲਾਭ ਨਹੀਂ ਮਿਲ ਰਹੇ। ਇਨ੍ਹਾਂ ਮਜ਼ਦੂਰਾਂ ਨੇ ਗਿਲਾ ਕੀਤਾ ਕਿ ਸਾਨੂੰ ਹਰ ਮਹੀਨੇ ਰਾਸ਼ਨ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਹੈ। ਸਰਦਾਰ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਬਣਦੇ ਬਕਾਏ ਮਿਲ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਨਵਾਂਸ਼ਹਿਰ ਹਲਕੇ ਵਿਚ ਵੱਖ-ਵੱਖ ਜਨਤਕ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਉਹਨਾਂ ਨੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਭਰੋਸਾ ਦੁਆਇਆ ਕਿ ਸਰਕਾਰ ਬਣਨ ’ਤੇ ਇਨ੍ਹਾਂ ਦਾ ਸਥਾਈ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮੱਥਾ ਵੀ ਟੇਕਿਆ ਤੇ ਮੁੱਖ ਬਜ਼ਾਰ ਵਿਚ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ’ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਰਦਾਰ ਬਾਦਲ ਨੇ ਮੁੱਖ ਬਜ਼ਾਰ ਵਿਚ ਘਰ ਘਰ ਜਾ ਕੇ ਸ਼ਹਿਰ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕੁਝ ਮਠਿਆਈਆਂ ਤੇ ਸਟ੍ਰੀਟ ਫੂਡ ਦਾ ਸੁਆਫ ਵੀ ਚੱਖਿਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਦਾ ਯੂਥ ਅਕਾਲੀ ਦਲ ਤੇ ਐਸ. ਓ. ਆਈ. ਦੇ ਵਾਲੰਟੀਅਰਾਂ ਨੇ ਸ਼ਹਿਰ ਵਿਚ ਪ੍ਰਵੇਸ਼ ਕਰਨ ’ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡ ਚਕਦਾਣਾ ਵਿਚ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨਾਲ ਵਿਸਥਾਰ ਵਿਚ ਚਰਚਾ ਕੀਤੀ ਜਿਥੇ ਉਹਨਾਂ ਨੇ ਉਨ੍ਹਾਂ ਨੂੰ ਭਾਜਪਾ ਨਾਲ ਗਠਜੋੜ ਤੋੜਨ ਦੇ ਮੁੱਖ ਕਾਰਨ ਦੀ ਜਾਣਕਾਰੀ ਦਿੱਤੀ ਤੇ ਤਿੰਨ ਨਫਰਤ ਭਰੇ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਨਾ ਹੋਣ ਦੇਣ ਦੀ ਵਚਨਬੱਧਤਾ ਦੁਹਰਾਈ।