ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)
Thursday, Dec 31, 2020 - 06:51 PM (IST)
ਜਲੰਧਰ— ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਕਿਸਾਨਾਂ ਦੀਆਂ ਦੋ ਮੰਗਾਂ ’ਤੇ ਸਹਿਮਤੀ ਬਣਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਨੇ ਬੀਤੇ ਦਿਨ ਮੰਨੀਆਂ ਹਨ, ਉਹ ਤਾਂ ਐਕਟ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਬੜਾ ਹੈਰਾਨ ਹੋਇਆ ਕਿ ਜਦੋਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਬਿਆਨ ਆਇਆ ਕਿ ਅਸੀਂ ਦੋ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ ਸੰਸਦ ’ਚ ਆਇਆ ਹੀ ਨਹੀਂ ਸੀ। ਇਸੇ ਤਰ੍ਹਾਂ ਪਰਾਲੀ ਵਾਲਾ ਵੀ ਕੋਈ ਬਿੱਲ ਨਹੀਂ ਹੈ ਅਤੇ ਫਿਰ ਇਨ੍ਹਾਂ ਨੇ ਵਾਪਸ ਹੀ ਕੀ ਲਿਆ? ਉਨ੍ਹਾਂ ਕਿਹਾ ਕਿ ਇਹ ਸਭ ਜਨਤਾ ਨੂੰ ਵਿਖਾਉਣ ਲਈ ਸਰਕਾਰ ਕਰ ਰਹੀ ਹੈ।
ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਸਾਬ੍ਹ ਦੀ ਜਿਵੇਂ ਦੀ ਸੋਚ ਚੱਲ ਰਹੀ ਹੈ, ਉਹ ਹੌਲੀ-ਹੌਲੀ ਸਾਰੇ ਸੂਬਿਆਂ ਦੀ ਤਾਕਤ ਨੂੰ ਆਪਣੇ ਹੱਥਾਂ ’ਚ ਲੈਣੀ ਚਾਹੁੰਦੇ ਹਨ। ਜੇਕਰ ਸੂਬਿਆਂ ਦੇ ਅਧਿਕਾਰ ਨਾ ਖੋਹਦੇ ਤਾਂ ਇਹ ਕਾਲੇ ਕਾਨੂੰਨ ਨਹੀਂ ਬਣਨੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਅੱਜ ਕਿਹਾ ਕਿ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਏ ਗਏ ਕਾਨੂੰਨ ਗੈਰ-ਕਾਨੂੰਨੀ ਹਨ, ਕਿਉਂਕਿ ਮੋਦੀ ਸਾਬ੍ਹ ਨੇ ਸੂਬਿਆਂ ਦੇ ਅਧਿਕਾਰ ਖੋਹ ਕੇ ਸੈਂਟਰ ’ਚ ਲੈ ਲਏ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਉਹ ਸੂਬਿਆਂ ਦੀ ਤਾਕਤ ਨੂੰ ਆਪਣੇ ਕੋਲ ਲੈ ਰਹੇ ਹਨ, ਜਿਸ ਦਾ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਲੋਕ ਮੋਦੀ ਸਰਕਾਰ ਦੇ ਹੱਕ ’ਚ ਗੱਲ ਕਰਦੇ ਹਨ, ਉਹ ਦੇਸ਼ ਦੇ ਭਗਤ ਹਨ ਅਤੇ ਜੇਕਰ ਕੋਈ ਖ਼ਿਲਾਫ਼ ਬੋਲਦਾ ਹੈ , ਉਸ ਨੂੰ ਦੇਸ਼ ਵਿਰੋਧੀ ਕਰ ਦਿੰਦੇ ਹਨ। ਹਾਲ ਹੀ ’ਚ ਟੁਕੜੇ-ਟੁਕੜੇ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਵੱਲੋਂ ਲਾਏ ਗਏ ਦੋਸ਼ਾਂ ’ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਟੁਕੜੇ-ਟੁਕੜੇ ਕਰਨ ਦਾ ਮਤਲਬ ਤੋੜਨਾ ਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਉਥੇ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਨੂੰ ਖਾਲਿਸਤਾਨੀਆਂ ਨਾਲ ਜੋੜਨਾ ਵੀ ਦੇਸ਼ ਨੂੰ ਤੋੜਨ ਵਾਲੀ ਹੀ ਗੱਲ ਹੈ। ਬੜੀ ਮੁਸ਼ਕਿਲ ਨਾਲ ਪੰਜਾਬ ਦੀ ਸ਼ਾਂਤੀ ਬਰਕਰਾਰ ਹੋਈ þ। ਭਾਜਪਾ ਲੀਡਰਸ਼ਿਪ ਨੂੰ ਬੇਨਤੀ ਕਰਦੇ ਕਿਹਾ ਕਿ ਬਾਦਲ ਸਾਬ੍ਹ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਲਾਈ। ਮੈਨੂੰ ਵੀ ਇਹੀ ਗੱਲ ਸਿਖਾਈ ਕਿ ਪੰਜਾਬ ਦੀ ਤਰੱਕੀ ਭਾਈਚਾਰਕ ਸਾਂਝ ਕਰਕੇ ਅਤੇ ਅਮਨ-ਸ਼ਾਂਤੀ ਕਰਕੇ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਚ ਦੇਸ਼ ’ਚ ਪਾੜ ਪਾਉਣ ਵਾਲੀ ਹੈ । ਦੇਸ਼ ਤਾਂ ਹੀ ਤਰੱਕੀ ਕਰਦਾ ਹੈ ਜੇਕਰ ਸਾਰੇ ਧਰਮਾਂ ਦੇ ਲੋਕ ਇਕ ਹੋਣ। ਹਿੰਦੋਸਤਾਨ ਇਕ ਅਜਿਹਾ ਦੇਸ਼ ਹੈ , ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਜੇਕਰ ਇਸ ’ਚ ਵਿਤਕਰਾ ਪਾਉਣਗੇ ਤਾਂ ਫਿਰ ਨੁਕਸਾਨ ਹੀ ਹੋਵੇਗਾ। ਮੈਂ ਇਸ ਕਰਕੇ ਹੀ ਕਿਹਾ ਸੀ ਕਿ ਭਾਜਪਾ ਨੂੰ ਆਪਣੀ ਨੀਤੀ ਬਦਲਣੀ ਚਾਹੀਦਾ ਹੈ ।
ਕੇਂਦਰ ਛੱਡੇ ਆਪਣੀ ਜ਼ਿੱਦ, ਜ਼ਿੱਦ ਰੱਖਣ ਵਾਲਾ ਲੀਡਰ ਕਦੇ ਕਾਮਯਾਬ ਨਹੀਂ ਹੁੰਦਾ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਸੋਚ ਨਾਲ ਕੇਂਦਰ ਸਰਕਾਰ ਚੱਲ ਰਹੀ ਹੈ , ਸਰਕਾਰ ਨੂੰ ਜ਼ਿੱਦ ਛੱਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪਰਿਵਾਰ ਦਾ ਮੁਖੀ ਹੁੰਦਾ ਹੈ ਅਤੇ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਤਕਲੀਫ ਹੈ ਤਾਂ ਦੇਸ਼ ਦੇ ਮੁਖੀ ਦਾ ਫਰਜ਼ ਬਣਦਾ ਹੈ ਕਿ ਮੈਂਬਰ ਦੀ ਤਕਲੀਫ ਦੂਰ ਕਰੇ। ਉਹ ਲੀਡਰ ਕਦੇ ਕਾਮਯਾਬ ਨਹੀਂ ਹੁੰਦਾ, ਜੋ ਜ਼ਿੱਦ ਫੜ ਲਵੇ।
ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਰਾਜਨੀਤੀ ਤੋਂ ਉੱਪਰ ਉੱਠ ਕੇ ਹੈ ਅਤੇ ਇਸ ਨੂੰ ਕੋਈ ਸਿਆਸੀ ਐਂਗਲ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਸੰਘਰਸ਼ ਦਾ ਸਿਆਸੀ ਐਂਗਲ ਦੇਣ ਵਾਲੀ ਗੱਲ ਇਹ ਹੋਵੇਗੀ ਕਿ ਭਾਜਪਾ ਨੂੰ ਸੰਘਰਸ਼ ਨੂੰ ਬਦਨਾਮ ਕਰਨ ਦਾ ਮੌਕਾ ਦੇਣਾ।
ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਅਕਾਲੀ ਦਲ 2 ਜਨਵਰੀ ਨੂੰ ਦੇਵੇਗਾ ਸ਼ਰਧਾਂਜਲੀ
ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਜਾਰੀ ਅੰਦੋਲਨ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿਹੜਾ ਸੰਘਰਸ਼ ਹੈ, ਇਹ ਸਮੁੱਚੀ ਕਿਸਾਨੀ ਦੀ ਇੱਜ਼ਤ ਦਾ ਸਵਾਲ ਹੈ । ਇਹ ਸੰਘਰਸ਼ ਇਕ ਹੰਕਾਰੀ ਰਾਜਾ ਖ਼ਿਲਾਫ਼ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਜਿੱਤ ਵਾਸਤੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਪਟਿਆਲਾ ’ਚ ਅਖੰਡ ਪਾਠ ਰੱਖੇ ਗਏ ਹਨ, ਜਿੱਥੇ 2 ਜਨਵਰੀ ਨੂੰ ਭੋਗ ਪਾਏ ਜਾਣਗੇ। ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਭਾਵਨਾਵਾਂ ਕਰਕੇ ਕਿਸਾਨ ਸ਼ਹੀਦ ਹੋਏ ਹਨ, ਉਸ ਦੀ ਸਫ਼ਲਤਾ ਲਈ ਗੁਰੂ ਘਰਾਂ ’ਚ ਪਾਠ ਰੱਖਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਕੈਪਟਨ ’ਤੇ ਵੀ ਸਾਧੇ ਨਿਸ਼ਾਨੇ ਕਿਹਾ-ਅਕਾਲੀ ਦਲ ਕਦੇ ਵੀ ਕਾਂਗਰਸ ਨਾਲ ਨਹੀਂ ਕਰੇਗਾ ਗਠਜੋੜ
ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਾਂਗਰਸ ਨਾਲ ਗਠਜੋੜ ਨਹੀਂ ਕਰ ਸਕਦਾ। ਜੋ ਵੀ ਕਾਂਗਰਸ ਨੇ ਆਪਣੀ ਕੌਮ ਵਾਸਤੇ ਕੀਤਾ þ, ਉਹ ਪੰਜਾਬ ਖ਼ਿਲਾਫ਼ ਹੈ, ਜਿਸ ਨੂੰ ਪੰਜਾਬ ਵਾਸੀ ਕਦੇ ਬਰਦਾਸ਼ਤ ਨਹੀਂ ਕਰ ਸਕਦੇ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ