ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਬੋਲੇ ਸੁਖਬੀਰ ਬਾਦਲ, ਫੇਲ ਹੋਏ ਭਗਵੰਤ ਮਾਨ, ਦਿੱਲੀ ਤੋਂ ਚੱਲ ਰਹੀ ਸਰਕਾਰ

Friday, Jun 03, 2022 - 06:27 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਬੋਲੇ ਸੁਖਬੀਰ ਬਾਦਲ, ਫੇਲ ਹੋਏ ਭਗਵੰਤ ਮਾਨ, ਦਿੱਲੀ ਤੋਂ ਚੱਲ ਰਹੀ ਸਰਕਾਰ

ਜਲੰਧਰ—  ਮਾਨਸਾ ਦੇ ਪਿੰਡ ਜਵਾਰਕੇ ’ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿੱਥੇ ਸਾਰਾ ਪੰਜਾਬ ਚਿੰਤਾ ’ਚ ਹੈ, ਉਥੇ ਹੀ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਅੱਜ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ ਸਨ ਤਾਂ ਉਥੇ ਹੀ ਉਨ੍ਹਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਬੀਤੇ ਦਿਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਪੁੱਜੇ ਸਨ। 

ਸਿੱਧੂ ਦੇ ਪਰਿਵਾਰ ਨਾਲ ਦੁੱਖ਼ ਸਾਂਝ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਲਪੇਟੇ ’ਚ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਕਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਬਣਾਉਣ ’ਚ ਭਗਵੰਤ ਮਾਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਅਤੇ ਦਿੱਲੀ ਤੋਂ ਪੰਜਾਬ ’ਚ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕੋਈ ਵੀ ਤਜ਼ਰਬਾ ਨਹੀਂ ਹੈ ਅਤੇ ਵੱਡੀ ਗੱਲ ਇਹ ਹੀ ਕਿ ਪੰਜਾਬ ’ਚ ਸਰਕਾਰ ਵੀ ਉਹ ਖ਼ੁਦ ਨਹੀਂ ਚਲਾ ਰਹੇ ਹਨ ਸਗੋਂ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ., ਡੀ. ਸੀ. ਵੀ ਬਦਲਣੇ ਹੋਣ ਤਾਂ ਦਿੱਲੀ ਤੋਂ ਲਿਸਟ ਆਉਣ ਤੋਂ ਬਾਅਦ ਬਦਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਤੇ ਵੀ ਪਹਿਲਾਂ ਹਿੰਦੂ ਅਤੇ ਸਿੱਖ ਭਰਾਵਾਂ ’ਚ ਤਕਰਾਰ ਨਹੀਂ ਸੀ ਹੋਇਆ, ਜੋਕਿ ਹੁਣ ਉਹ ਵੀ ਹੋਣੀ ਸ਼ੁਰੂ ਹੋ ਗਈ ਹੈ। ਇਥੇ ਸ਼ਰੇਆਮ ਕਬੱਡੀ ਮੈਚ ਦੌਰਾਨ ਖਿਡਾਰੀ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ।  

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਦੀਵਾਨ ਹਾਲ 'ਚੋਂ ਮਿਲੀ ਬਜ਼ੁਰਗ ਦੀ ਲਾਸ਼

PunjabKesari

ਉਨ੍ਹਾਂ ਕਿਹਾ ਕਿ ਕੱਲ੍ਹ ਮੈਂ ਸਿੱਧੂ ਮੂਸੇਵਾਲਾ ਦੇ ਘਰ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਗਿਆ ਤਾਂ ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ 20 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੰਟੈਲੀਜੈਂਸ ਨੇ ਬੁਲਾ ਕੇ ਕਿਹਾ ਸੀ ਕਿ ਤੁਹਾਨੂੰ ਖ਼ਤਰਾ ਹੈ ਅਤੇ ਬਚਾਅ ਕੀਤਾ ਜਾਵੇ ਪਰ ਉਸ ਦੇ ਬਾਵਜੂਦ ਸਕਿਓਰਿਟੀ ਨੂੰ ਵਾਪਸ ਲੈ ਲਈ ਗਈ। ਅਸਲੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਸਿਰਫ਼ ਵਿਖਾਵਾ ਕਰ ਰਹੀ ਹੈ। ਇਕ ਪਾਸੇ ਇਕ ਕਹਿੰਦੇ ਕੁਝ ਹਨ ਤਾਂ ਕਰਦੇ ਕੁਝ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਮਾਤਾ ਅਤੇ ਭੈਣ ਨੂੰ ਵੀ ਸਕਿਓਰਿਟੀ ਦਿੱਤੀ ਹੋਈ ਹੈ। ਪੰਜਾਬ ’ਚ ਉਨ੍ਹਾਂ ਨੇ 424 ਬੰਦਿਆਂ ਦੀ ਸਕਿਓਰਟੀ ’ਚ ਕਟੌਤੀ ਕਰ ਦਿੱਤੀ ਜਦਕਿ ਕੇਜਰੀਵਾਲ ਨੂੰ ਇਨ੍ਹਾਂ ਨੇ 80 ਦੇ ਕਰੀਬ ਸਕਿਓਰਿਟੀ ਭੇਜੀ ਹੋਈ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣੀ ਹੈ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੋ ਜਿਹੇ ਫ਼ੈਸਲੇ ਕਿਸ ਸਮੇਂ ’ਤੇ ਲੈਣੇ ਚਾਹੀਦੇ ਹਨ। ਸਪੀਚਾਂ ਦੇਣੀਆਂ ਬੇਹੱਦ ਸੌਖੀਆਂ ਹਨ ਪਰ ਲੀਡਰ ਬਣਨੇ ਸੌਖੇ ਨਹੀਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਦੋ ਮਹੀਨਿਆਂ ਦੇ ਅੰਦਰ ਪੰਜਾਬ ’ਚ ਤਬਾਹੀ ਲਿਆ ਦਿੱਤੀ ਹੈ। ਅੱਜ ਡਰੱਗਜ਼ ਦੇ ਨਾਲ ਰੋਜ਼ਾਨਾ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਵੇਲੇ ਅਸੀਂ ਸੋਮਵਾਰ ਨੂੰ ਜ਼ਿਲ੍ਹਿਆਂ ਦੇ ਡੀ. ਸੀ. ਐੱਸ. ਐੱਸ. ਪੀ. ਨਾਲ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸੀ ਅਤੇ ਸਾਰਾ ਜਾਇਜ਼ਾ ਲੈਂਦੇ ਸੀ। ਪੰਜਾਬ ਨੇ ਬਹੁਤ ਬੁਰਾ ਦੌਰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਹੀ ਸਕਿਓਰਿਟੀ ਵਾਪਸ ਲੈਣ ਬਾਰੇ ਗੈਂਗਸਟਰਾਂ ਨੂੰ ਪਤਾ ਲੱਗਾ ਤਾਂ ਗੈਂਗਸਟਰਾਂ ਨੇ ਆਪਣਾ ਦਾਅ ਲਗਾ ਲਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤਾਂ ਮੁੱਖ ਮੰਤਰੀ ਕਹਿਣ ਦੇ ਲਾਈਕ ਵੀ ਨਹੀਂ ਹਨ। ਉਥੇ ਹੀ ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਪੰਜਾਬ ਨਾਲ ਕੀ ਲਗਾਅ ਹੈ? ਉਨ੍ਹਾਂ ਦਾ ਪਿਆਰ ਦਿੱਲੀ ਨਾਲ ਹੀ ਪੰਜਾਬ ਨਾਲ ਨਹੀਂ। ਉਨ੍ਹਾਂ ਦਾ ਪੰਜਾਬ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਪੰਜਾਬ ’ਚ ਹੁਣ ਕੋਈ ਵੀ ਸੇਫ ਨਹੀਂ ਹੈ। 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

 

ਮੁੱਖ ਮੰਤਰੀ ਪੰਜਾਬ ਦਾ ਬਾਪ ਮੰਨਿਆ ਜਾਂਦਾ ਹੈ। 92 ਵਿਧਾਇਕ ਦੇ ਕੇ ਇਨ੍ਹਾਂ ਨੂੰ ਵੱਡੀ ਜਿੱਤ ਪੰਜਾਬ ਨੇ ਦਿੱਤੀ ਹੈ ਦੋ ਮਹੀਨਿਆਂ ਦੇ ਅੰਦਰ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਜਲਾਲਾਬਾਦ ’ਚ ਕਿਸੇ ਦਾ ਅਫ਼ਸੋਸ ਕਰਨ ਗਏ ਸਨ ਤਾਂ ਉਨ੍ਹਾਂ ਨੂੰ ਰਸਤੇ ’ਚ ਪਿੰਡ ਵਾਲਿਆਂ ਨੇ ਰੋਕਿਆ ਅਤੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਨਸ਼ੇ ਕਰਕੇ ਮਰਿਆ ਅਤੇ ਉਸ ਦੀ ਬਾਂਹ ’ਚ ਹੀ ਸਰਿੰਜ ਲੱਗੀ ਰਹਿ ਗਈ। ਉਨ੍ਹਾਂ ਕਿਹਾ ਕਿ ਬੀਬੀਆਂ ਦਾ ਕਹਿਣਾ ਸੀ ਕਿ ਪੰਜਾਬ ਪੁਲਸ ਨਸ਼ੇ ਦਾ ਪਰਚਾ ਦਰਜ ਨਹੀਂ ਕਰ ਰਹੀ ਸਗੋਂ ਇਹ ਕਹਿ ਰਹੀ ਹੈ ਕਿ ਅਸੀਂ ਇਹ ਕਹਿਣਾ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਹਾਲਾਤ ਬਣੇ ਹੋਏ ਹਨ ਕਿ ਪੰਜਾਬ ਸਰਕਾਰ ਹਰ ਚੀਜ਼ ਲੁਕਾਉਣ ’ਚ ਲੱਗੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਝੂਠੀ ਸ਼ੋਹਰਤ ਛੱਡ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਨੂੰ ਬਚਾਉਣ ਦੀ ਨਸਹੀਤ ਵੀ ਦਿੱਤੀ। 

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News