ਸੁਖਬੀਰ ਸਦਨ ਦੇ ਇਤਿਹਾਸਕ ਪਲਾਂ ਤੋਂ ਕਿਉਂ ਰਹੇ ਦੂਰ?

11/08/2019 2:41:55 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਗਵਰਨਰਾਂ ਤੋਂ ਇਲਾਵਾ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਹੋਰਨਾਂ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿੱਥੇ ਇਸ ਦਿਹਾੜੇ ਨੂੰ ਪੰਜਾਬ ਵਿਧਾਨ ਸਭਾ 'ਚ ਮਨਾਇਆ ਗਿਆ ਹੈ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਵੀ ਹੋਈ। ਇਨ੍ਹਾਂ ਇਤਿਹਾਸਕ ਪਲਾਂ ਨੂੰ ਨੇੜਿਓਂ ਦੇਖਣ ਲਈ ਭਾਵੇਂ ਦੋਵਾਂ ਸਰਕਾਰਾਂ ਦੇ ਵਿਧਾਇਕ ਅਤੇ ਵਜ਼ੀਰ ਸ਼ਾਮਲ ਸਨ ਅਤੇ ਸਾਬਕਾ ਅਕਾਲੀ ਮੰਤਰੀ, ਸਾਬਕਾ ਵਿਧਾਇਕ ਅਤੇ ਮੌਜੂਦਾ ਐੱਮ. ਪੀ., ਸਾਬਕਾ ਐੱਮ. ਪੀ. ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ, ਜੋ ਕਿ ਮੌਕੇ ਦੇ ਗਵਾਹ ਬਣੇ ਹਨ।

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਜੋ ਪੰਜਾਬ 'ਚ ਹੁੰਦੇ ਹੋਏ ਵੀ ਚੰਡੀਗੜ੍ਹ ਵਿਸ਼ੇਸ਼ ਸਭਾ ਦੇ ਸਦਨ 'ਚ ਬਤੌਰ ਦਰਸ਼ਕ ਗਵਰਨਰ ਗੈਲਰੀ 'ਚ ਇਹ ਦ੍ਰਿਸ਼ ਦੇਖਣ ਲਈ ਕਿਉਂ ਨਹੀਂ ਪੁੱਜੇ। ਇਹ ਸਵਾਲ ਪੰਜਾਬ ਦੀ ਸਿਆਸਤ ਨਾਲ ਜੁੜੇ ਲੋਕਾਂ ਦੀ ਜ਼ੁਬਾਨ 'ਤੇ ਸੀ ਕਿਉਂਕਿ ਸੁਖਬੀਰ ਬਾਦਲ, ਜੋ ਪੰਜਾਬ ਦੀ ਰਾਜਨੀਤੀ ਦੇ ਚੱਲਦੇ 2022 'ਚ ਰਾਜ ਭਾਗ ਹਾਸਲ ਕਰਨ ਦੇ ਸੁਪਨੇ ਲੈ ਰਹੇ ਹਨ ਪਰ ਉਨ੍ਹਾਂ ਦੀ ਸਦਨ 'ਚੋਂ ਗੈਰ-ਹਾਜ਼ਰੀ 'ਤੇ ਸਿਆਸੀ ਪੰਡਤਾਂ ਨੇ ਕਿਹਾ ਕਿ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਜਲਾਲਾਬਾਦ ਦੀ ਹਾਰ ਨੂੰ ਆਪਣੇ ਮਨ ਨੂੰ ਲਾ ਬੈਠੇ ਹਨ ਕਿਉਂਕਿ ਉਹ ਜਲਾਲਾਬਾਦ ਦੀ ਸੀਟ ਆਪਣੀ ਜੇਬ 'ਚ ਦੱਸਦੇ ਸਨ ਪਰ ਹਜ਼ਾਰਾਂ ਵੋਟਾਂ ਨਾਲ ਹਾਰ ਜਾਣ 'ਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਧੱਕਾ ਲੱਗਾ। ਸ਼ਾਇਦ ਇਸੇ ਕਰ ਕੇ ਜਾਂ ਆਪਣੇ ਜਾਂ ਵਿਰੋਧੀਆਂ ਦੇ ਸਵਾਲਾਂ-ਜਵਾਬਾਂ ਜਾਂ ਸਿਆਸੀ ਟਕੋਰਾਂ ਤੋਂ ਬਚਦੇ ਸਦਨ ਤੋਂ ਦੂਰ ਰਹੇ ਹੋਣ।

ਬਾਕੀ ਇਹ ਵੀ ਗੱਲ ਹੈ ਕਿ ਬਾਦਲ ਨੇ ਜਲਾਲਾਬਾਦ ਤੋਂ ਅਸਤੀਫਾ ਦੇ ਕੇ ਜਦੋਂ ਦਾ ਐੱਮ. ਪੀ. ਬਣ ਕੇ ਦਿੱਲੀ ਵੱਲ ਰੁਖ਼ ਕੀਤਾ ਹੈ, ਉਨ੍ਹਾਂ ਦਾ ਧਿਆਨ ਦਿੱਲੀ ਵੱਲ ਲੱਗਾ ਰਹਿੰਦਾ ਹੈ ਜਦੋਂਕਿ ਰਾਜ ਭਾਗ ਪੰਜਾਬ ਵਿਚ ਕਰਨ ਦੀ ਗੱਲ ਕਰਦੇ ਹਨ। ਪੰਜਾਬ ਦੇ ਰਾਜ ਭਾਗ ਬਾਰੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਖਦੇ ਹੁੰਦੇ ਸਨ ਕਿ ਪੰਜਾਬ ਦਾ ਰਾਜ ਭਾਗ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਬਖਸ਼ਿਸ਼ ਨਾਲ ਮਿਲਦਾ ਹੈ ਨਾ ਕਿ ਦਿੱਲੀ ਵੱਲ ਜਾਣ ਵਾਲਿਆਂ ਨੂੰ।

 


Anuradha

Content Editor

Related News