ਚੋਣ ਜਿਤਾਉਣ ਦੇ ਵੱਡੇ ਮੈਨੇਜਰ ਮੰਨੇ ਜਾਣ ਵਾਲੇ ਸੁਖਬੀਰ ਅਤੇ ਸੰਦੀਪ ਸੰਧੂ ਆਪਣੀ ਵਾਰੀ ਫੇਲ ਸਾਬਤ ਹੋਏ
Friday, Oct 25, 2019 - 04:30 PM (IST)
ਪਟਿਆਲਾ (ਰਾਜੇਸ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਦਾਖਾ ਤੋਂ ਚੋਣ ਹਾਰੇ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਸੰਧੂ ਆਪਣੇ-ਆਪ ਨੂੰ ਵੱਡਾ ਚੋਣ ਮੈਨੇਜਰ ਸਮਝਦੇ ਸਨ ਪਰ ਦੋਵੇਂ ਆਪਣੀ ਚੋਣ ਹਾਰ ਕੇ ਸਿਆਸੀ ਅਖਾੜੇ 'ਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ। ਸੁਖਬੀਰ ਬਾਦਲ ਨੇ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਮੈਨੇਜਮੈਂਟ ਕੀਤੀ ਸੀ ਪਰ ਇਸ ਵਾਰ ਉਨ੍ਹਾਂ ਦੀ ਆਪਣੀ ਵਿਧਾਨ ਸਭਾ ਸੀਟ ਜਲਾਲਾਬਾਦ ਉਨ੍ਹਾਂ ਦੇ ਹੱਥੋਂ ਖਿਸਕ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਹਾਈਟੈੱਕ ਮੈਨੇਜਮੈਂਟ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਖੁਦ ਵਿਧਾਇਕ ਸਨ। 2019 ਵਿਚ ਐੱਮ. ਪੀ. ਬਣਨ ਤੋਂ ਬਾਅਦ ਉਨ੍ਹਾਂ ਇਸ ਸੀਟ ਤੋਂ ਅਸਤੀਫਾ ਦਿੱਤਾ ਸੀ, ਜਿਸ ਕਰ ਕੇ ਇਹ ਸੀਟ ਜਿੱਤਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵਕਾਰ ਦਾ ਸਵਾਲ ਬਣੀ ਹੋਈ ਸੀ। ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਇਲੈਕਸ਼ਨ ਮੈਨੇਜਰ ਮੰਨਦੇ ਸਨ ਪਰ ਉਨ੍ਹਾਂ ਦੀ ਮੈਨੇਜਮੈਂਟ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਰਮਿੰਦਰ ਆਂਵਲਾ ਨੇ ਸੁਖਬੀਰ ਬਾਦਲ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਨੂੰ ਕਰਾਰੀ ਹਾਰ ਦੇ ਕੇ ਇਤਿਹਾਸ ਸਿਰਜ ਦਿੱਤਾ ਹੈ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਅਤੇ ਦਾਖਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਕੈਪਟਨ ਸੰਦੀਪ ਸਿੰਘ ਸੰਧੂ ਹਰ ਉੱਪ ਚੋਣ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਜਾਂਦੇ ਸਨ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਸੀਟ ਅਤੇ ਕੈ. ਅਮਰਿੰਦਰ ਸਿੰਘ ਦੇ 2017 ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ਸੀਟ ਸਮੇਤ ਹੋਰਨਾਂ ਉੱਪ ਚੋਣਾਂ 'ਤੇ ਰਣਨੀਤੀ ਬਣਾਉਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹੀ ਬਤੌਰ ਮੈਨੇਜਰ ਭੇਜਦੇ ਸਨ। ਕੈਪਟਨ ਸੰਦੀਪ ਸੰਧੂ ਦੀ ਕਈ ਮਾਮਲਿਆਂ ਵਿਚ ਪੰਜਾਬ ਦੇ ਵਜ਼ੀਰਾਂ ਤੋਂ ਵੱਧ ਚਲਦੀ ਸੀ। ਉਹ ਉੱਪ ਚੋਣਾਂ ਨੂੰ ਜਿਤਾਉਣ ਦੇ ਮਾਹਰ ਸਮਝਦੇ ਜਾਂਦੇ ਸਨ ਪਰ ਦਾਖਾ ਦੀ ਉੱਪ ਚੋਣ ਵਿਚ ਉਹ ਖੁਦ ਆਪਣੀ ਸੀਟ ਨਹੀਂ ਜਿੱਤ ਸਕੇ। ਮੁੱਖ ਮੰਤਰੀ ਦਾ ਅਤਿ ਨਜ਼ਦੀਕੀ ਹੋਣ ਕਾਰਨ ਮੁੱਖ ਮੰਤਰੀ ਕਈ ਵਾਰ ਉਨ੍ਹਾਂ ਦੇ ਹਲਕੇ ਵਿਚ ਗਏ ਅਤੇ ਉਨ੍ਹਾਂ ਦੀ ਨਾਮਜ਼ਦਗੀ ਵੀ ਭਰਵਾ ਕੇ ਆਏ। ਰਮਿੰਦਰ ਆਂਵਲਾ ਦੀ ਨਾਮਜ਼ਦਗੀ ਭਰਵਾਉਣ ਲਈ ਮੁੱਖ ਮੰਤਰੀ ਖੁਦ ਨਹੀਂ ਗਏ ਸਨ। ਦਾਖਾ ਅਤੇ ਜਲਾਲਾਬਾਦ ਵਿਧਾਨ ਸਭਾ ਦੀਆਂ ਉੱਪ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਲੋਕਾਂ ਦੇ ਪਿਆਰ ਨਾਲ ਲੜੀਆਂ ਜਾਂਦੀਆਂ ਹਨ, ਨਾ ਕਿ ਕਿਸੇ ਤਰ੍ਹਾਂ ਦੀ ਮੈਨੇਜਮੈਂਟ ਨਾਲ। ਰਮਿੰਦਰ ਆਂਵਲਾ ਅਤੇ ਅਕਾਲੀ ਆਗੂ ਮਨਪ੍ਰੀਤ ਇਆਲੀ ਦੀ ਦਮਦਾਰ ਜਿੱਤ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ।