ਪੰਜਾਬ ''ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਖਬੀਰ ਬਾਦਲ

02/06/2019 12:42:02 PM

ਜਲੰਧਰ (ਪਾਲੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤ ਦਿਨ ਆਉਣ ਵਾਲੀਆਂ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਹਲਕਾ ਨਕੋਦਰ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ। ਇਥੇ ਪੁੱਜਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਅਤੇ ਹਲਕਾ ਵਿਧਾਇਕ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ 13 ਦੀਆਂ 13 ਸੀਟਾਂ ਜਿਤਾ ਕੇ ਇਸ ਧੱਕੇਸ਼ਾਹੀ ਦਾ ਜਵਾਬ ਜ਼ਰੂਰ ਦੇਣਗੇ। ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕਾਂਗਰਸ ਪਾਰਟੀ ਨੇ ਸਰਕਾਰ ਬਣਾਈ ਹੈ ਤੇ 2 ਸਾਲ ਬੀਤਣ ਲੱਗੇ ਹਨ ਪਰ ਕਾਂਗਰਸ ਨੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਉਲਟਾ ਅਕਾਲੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ 'ਤੇ ਝੂਠੇ ਪਰਚੇ ਹੀ ਦਰਜ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਰਫ ਰਾਜ ਕਰਨ ਲਈ ਹੀ ਸੱਤਾ 'ਚ ਆਉਂਦੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤਰੱਕੀ ਤੇ ਵਿਕਾਸ ਦੇ ਕੰਮਾਂ ਲਈ ਆਉਂਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵੱਲੋਂ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਪਾ ਕੇ ਧੱਕੇਸ਼ਾਹੀ ਕਰਨ ਸਬੰਧੀ ਉਨ੍ਹਾਂ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਪਰਚਿਆਂ ਤੋਂ ਡਰਨ ਦੀ ਲੋੜ ਨਹੀਂ, ਅਕਾਲੀ ਸਰਕਾਰ ਬਣਦਿਆਂ ਇਨ੍ਹਾਂ ਪਰਚਿਆਂ ਦੀਆਂ ਪਰਚੀਆਂ ਬਣਾ ਦੇਵਾਂਗੇ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਈਜ਼ ਵਰਕਰਾਂ ਅਤੇ ਆਗੂਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪਾਰਟੀ ਵਰਕਰਾਂ ਦੇ ਪਾਰਟੀ ਪ੍ਰਧਾਨ ਨਾਲ ਨਿੱਜੀ ਤੌਰ 'ਤੇ ਤਾਲਮੇਲ ਨਾਲ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਆਵੇਗਾ ਅਤੇ ਪਾਰਟੀ ਆਉਣ ਵਾਲੇ ਸਮੇਂ ਭਾਰੀ ਬਹੁਮਤ ਨਾਲ ਜਿੱਤੇਗੀ ਅਤੇ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਮੁੱਖ ਮੰਤਰੀ ਹੋਣਗੇ। 

ਇਸ ਮੌਕੇ ਤੇਜਿੰਦਰ ਨਿੱਝਰ ਯੂਥ ਅਕਾਲੀ ਦਲ ਜਲੰਧਰ ਦਿਹਾਤੀ, ਜੁਗਰਾਜ ਜੱਗੀ ਮੈਂਬਰ ਕੋਰ ਕਮੇਟੀ, ਦਿਲਬਾਗ ਹੁਸੈਨ, ਬੀਬੀ ਇੰਦਰਜੀਤ ਕੌਰ ਮਾਨ, ਜਥੇ. ਲਸ਼ਕਰ ਸਿੰਘ ਸਰਕਲ ਪ੍ਰਧਾਨ ਨਕੋਦਰ ਦਿਹਾਤੀ, ਸ਼ਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਭਾਟੀਆ, ਆਦਿੱਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ ਨਕੋਦਰ, ਰਮੇਸ਼ ਸੋਂਧੀ ਕੌਂਸਲਰ, ਸ਼ਿੰਦਰਪਾਲ ਬੱਗਾ ਕੌਂਸਲਰ, ਹਰਭਜਨ ਸਿੰਘ ਹੁੰਦਲ, ਸੁਰਤੇਜ ਸਿੰਘ ਬਾਸੀ, ਜਗਜੀਤ ਸਿੰਘ ਸੰਮੀਪੁਰ, ਹਰਪ੍ਰੀਤ ਸਿੰਘ ਡਿੰਪੀ, ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਸਾਜਨ ਕਪੂਰ, ਸਾਬਕਾ ਚੇਅਰਮੈਨ ਨਿਰਮਲ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।


shivani attri

Content Editor

Related News