ਸਾਡੇ ਲਈ ਪਰਿਵਾਰ ਨਹੀਂ, ਸਗੋਂ ਪੰਜਾਬ ਦੀ ਜਨਤਾ ਪਹਿਲਾਂ : ਸੁਖਬੀਰ ਬਾਦਲ

02/05/2019 10:02:43 AM

ਸ਼ਾਹਕੋਟ (ਜ.ਬ.)— ਸਾਰੀ ਜ਼ਿੰਦਗੀ ਕੌਮ, ਪਾਰਟੀ ਅਤੇ ਆਮ ਲੋਕਾਂ ਦੀ ਸੇਵਾ 'ਚ ਲਗਾਉਣ ਵਾਲੇ ਸਿਆਸੀ ਆਗੂ ਕੋਈ-ਕੋਈ ਹੀ ਹੁੰਦੇ ਹਨ, ਅਜਿਹੇ ਨੇਤਾਵਾਂ 'ਚ ਇਕ ਨਾਂ ਜਥੇ. ਅਜੀਤ ਸਿੰਘ ਕੋਹਾੜ ਦਾ ਵੀ ਸ਼ਾਮਲ ਹੈ। ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਕੋਹਾੜ ਕਲਾਂ ਵਿਖੇ ਜਥੇ. ਅਜੀਤ ਸਿੰਘ ਕੋਹਾੜ ਦੀ ਪਹਿਲੀ ਬਰਸੀ ਸਬੰਧੀ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ 'ਚ ਲਗਾ ਦਿੱਤੀ ਹੈ। ਉਨ੍ਹਾਂ ਵਾਸਤੇ ਪਰਿਵਾਰ ਪਹਿਲਾਂ ਨਹੀਂ, ਸਗੋਂ ਪੰਜਾਬ ਦੀ ਜਨਤਾ ਪਹਿਲਾਂ ਹੈ। ਸਾਰਾ ਪੰਜਾਬ ਹੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੈ। ਸੁਖਬੀਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਾਂਗ ਹੀ ਆਪਣੇ ਪਰਿਵਾਰ ਬਾਰੇ ਘੱਟ ਅਤੇ ਸੂਬੇ ਦੇ ਲੋਕਾਂ ਬਾਰੇ ਵੱਧ ਸੋਚਣ ਵਾਲੇ ਨੇਤਾ ਸਨ ਜਥੇ. ਅਜੀਤ ਸਿੰਘ ਕੋਹਾੜ। ਉਹ ਲੋਕਾਂ ਦੀ ਸੇਵਾ 'ਚ ਹਰ ਵੇਲੇ ਤਤਪਰ ਰਹਿੰਦੇ ਸਨ। ਸੁਖਬੀਰ ਸਿੰਘ ਬਾਦਲ ਨੇ ਕੋਹਾੜ ਪਰਿਵਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਵੀ ਜਥੇ. ਕੋਹਾੜ ਵਾਂਗ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰ ਦੇਣ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਅਕਾਲੀ ਦਲ ਜਲੰਧਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਆਹਲੂਵਾਲੀਆ, ਭਾਜਪਾ ਆਗੂ ਮਨੋਰੰਜਨ ਕਾਲੀਆ ਸਣੇ ਵੱਡੀ ਗਣਿਤੀ 'ਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂਆਂ ਨੇ ਜਥੇ. ਕੋਹਾੜ ਨੂੰ ਸ਼ਰਧਾਂਜਲੀ ਦਿੱਤੀ ਅਤੇ ਜਥੇ. ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਤੇ ਪੋਤਰੇ ਬਚਿੱਤਰ ਸਿੰਘ ਕੋਹਾੜ ਨੂੰ ਲੋਕ ਸੇਵਾ 'ਚ ਹਰ ਵੇਲੇ ਹਾਜ਼ਰ ਰਹਿਣ ਲਈ ਪ੍ਰੇਰਿਆ।


shivani attri

Content Editor

Related News