ਕੁੰਵਰ ਵਿਜੇ ਦੇ ਤਬਾਦਲੇ ''ਤੇ ਖੁੱਲ੍ਹ ਕੇ ਬੋਲੇ ਸੁਖਬੀਰ, ਇਸ ਲਈ ਕਰਵਾਈ ਬਦਲੀ
Wednesday, Apr 10, 2019 - 06:32 PM (IST)

ਚੰਡੀਗੜ੍ਹ : ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. (ਸਿੱਟ) ਦੇ ਅਹਿਮ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸਨ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ 'ਤੇ ਇੰਨੀਆਂ ਮਿਰਚਾਂ ਕਿਉਂ ਲੱਗ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਾਂਚ ਕਰ ਰਹੀ ਐੱਸ. ਆਈ. ਟੀ. ਦੇ 4 ਮੈਂਬਰ ਹਨ ਤੇ ਇਕ ਚੇਅਰਮੈਨ ਹੈ। ਕੁੰਵਰ ਪ੍ਰਤਾਪ ਚੇਅਰਮੈਨ ਨਹੀਂ ਸਗੋਂ ਇਕ ਮੈਂਬਰ ਹੈ। ਉਨ੍ਹਾਂ ਬਾਕੀ ਚਾਰ ਮੈਂਬਰਾਂ 'ਤੇ ਇਤਰਾਜ਼ ਨਹੀਂ ਕੀਤਾ, ਇਸ ਅਫਸਰ ਉਤੇ ਹੀ ਕਿਉਂ ਕੀਤਾ ਕਿਉਂ ਕਿ ਇਹ ਕਾਂਗਰਸ ਦੇ ਹੱਥਾਂ ਵਿਚ ਖੇਡ ਰਿਹਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਸਾਰੇ ਸਬੂਤ ਦਿੱਤੇ ਕਿ ਕਿਵੇਂ ਇਹ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਸੀ। ਸੁਖਬੀਰ ਨੇ ਕਿਹਾ ਕਿ ਹੁਣ ਜਦੋਂ ਬਠਿੰਡਾ ਦੇ ਡੀ. ਸੀ. ਦੀ ਬਦਲੀ ਹੋਈ ਹੈ ਤਾਂ ਇਸ 'ਤੇ ਕੈਪਟਨ ਅਮਰਿੰਦਰ ਸਿੰਘ ਕੁਝ ਕਿਉਂ ਨਹੀਂ ਬੋਲੇ। ਸੁਖਬੀਰ ਨੇ ਕਿਹਾ ਕਿ ਬਰਗਾੜੀ ਮੋਰਚਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਲਗਾਇਆ ਗਿਆ ਸੀ ਅਤੇ ਹੁਣ ਆਈ. ਜੀ. ਦੀ ਬਦਲੀ ਹੋਈ ਤਾਂ ਹੁਣ ਉਨ੍ਹਾਂ ਨੂੰ ਵੀ ਜਾਗ ਆ ਗਈ ਹੈ।