ਮੁੱਖ ਮੰਤਰੀ ''ਆਪ'' ਨਾਲ ਰਲ ਕੇ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਨਾ ਕਰਨ : ਸੁਖਬੀਰ
Tuesday, Jul 21, 2020 - 01:57 AM (IST)
ਚੰਡੀਗੜ,(ਜ.ਬ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਬਾਰੇ ਕੇਂਦਰ ਤੋਂ ਸਪਸ਼ਟ ਭਰੋਸਾ ਲੈਣ ਲਈ ਕਿਸਾਨ ਜਥੇਬੰਦੀਆਂ ਨੂੰ ਵੀ ਲੈ ਕੇ ਉਨ੍ਹਾਂ ਨਾਲ ਕੇਂਦਰ ਕੋਲ ਚੱਲਣ। ਸੁਖਬੀਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਖਤਮ ਹੋਣ ਬਾਰੇ ਤੁਹਾਡੇ ਵੱਲੋਂ ਵਾਰ ਵਾਰ ਬੋਲੇ ਗਏ ਝੂਠ ਦਾ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਇਸਦੇ ਮੌਜੂਦਾ ਸਰੂਪ ਵਿਚ ਹੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਉਂਕਿ ਤੁਸੀਂ ਇਸ ਭਰੋਸੇ 'ਤੇ ਵਿਸ਼ਵਾਸ ਨਹੀਂ ਕਰ ਰਹੇ, ਇਸ ਲਈ ਤੁਹਾਨੂੰ ਹੋਰ ਕਿਸਾਨ ਸੰਗਠਨਾਂ ਨੂੰ ਨਾਲ ਲੈ ਕੇ ਮੇਰੇ ਨਾਲ ਚੱਲਣਾ ਚਾਹੀਦਾ ਹੈ ਤਾਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਇਸ ਮਾਮਲੇ 'ਤੇ ਸਪਸ਼ਟ ਭਰੋਸਾ ਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪੇਸ਼ਕਸ਼ ਸਵੀਕਾਰ ਕਰਨਾ ਮੁਸ਼ਕਿਲ ਜਾਪਦਾ ਹੈ ਕਿਉਂਕਿ ਉਹ ਆਪਣੀ ਸਰਕਾਰ ਦੀ ਬੁਰੀ ਤਰ੍ਹਾਂ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਸ ਮੁੱਦੇ 'ਤੇ ਆਪਣਾ ਕੂੜ ਪ੍ਰਚਾਰ ਜਾਰੀ ਰੱਖਣਾ ਚਾਹੁਣਗੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਯਕੀਨੀ ਮੰਡੀਕਰਣ ਵਿਵਸਥਾ ਖਤਮ ਹੋਣ ਦੀ ਕਾਵਾਂ ਰੌਲੀ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰਨ ਤੇ 'ਆਪ' ਨਾਲ ਰਲ ਕੇ ਅਕਾਲੀ ਦਲ ਖਿਲਾਫ ਲੋਕਾਂ ਨੂੰ ਭੜਕਾਉਣ ਵਾਸਤੇ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੋਚੀ ਸਮਝੀ ਰਣਨੀਤੀ ਹੈ ਤੇ 'ਆਪ' ਇਸ ਵਿਚ ਕਾਂਗਰਸ ਦਾ ਸਾਥ ਦੇ ਰਹੀ ਹੈ, ਕਿਉਂਕਿ ਦੋਵੇਂ ਪਾਰਟੀਆਂ ਮਹਿਸੂਸ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਅਕਾਲੀ ਦਲ ਦੇ ਖਿਲਾਫ ਇਕਜੁੱਟ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਕਿਸਾਨਾਂ ਦੇ ਮਾਮਲੇ ਵਿਚ ਆਪਣੀ ਭਰੋਸੇਯੋਗਤਾ ਸਾਬਤ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਆਪਣੀ ਸਰਕਾਰ ਦੇ ਰਾਜਕਾਲ ਦੌਰਾਨ ਖੇਤੀਬਾੜੀ ਟਿਊਬਵੈੱਲਾਂ ਲਈ ਮੁਫਤ ਬਿਜਲੀ ਬੰਦ ਕਰ ਕੇ ਮੁੜ ਬਿੱਲ ਲਾਗੂ ਕਰ ਦਿੱਤੇ ਸਨ ਤੇ ਇਸ ਵਾਰ ਵੀ ਅਜਿਹਾ ਕਰਨ ਦਾ ਯਤਨ ਕੀਤਾ ਸੀ ਪਰ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ ਕਰਨ 'ਤੇ ਸਰਕਾਰ ਨੇ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਹਮੇਸ਼ਾ ਰਿਕਾਰਡ ਰਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਤੇ ਉਨ੍ਹਾਂ ਨਾਲ ਕਿਸੇ ਵੀ ਤਰੀਕੇ ਵਿਤਕਰਾ ਨਹੀਂ ਹੋਣ ਦੇਵੇਗਾ।