ਸੁਖਬੀਰ ਦੀ ਮੰਗ, ਰਾਜੀਵ ਗਾਂਧੀ ਤੋਂ ਵਾਪਸ ਲਿਆ ਜਾਵੇ ''ਭਾਰਤ ਰਤਨ''

12/06/2019 6:19:54 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਉਪਰੰਤ 1991 ਵਿਚ ਦਿੱਤਾ 'ਭਾਰਤ ਰਤਨ' ਐਵਾਰਡ ਤੁਰੰਤ ਵਾਪਸ ਲੈ ਲਿਆ ਜਾਵੇ। ਸੁਖਬੀਰ ਨੇ ਕਿਹਾ ਕਿ ਤਾਜ਼ਾ ਸਾਹਮਣੇ ਆਏ ਸਬੂਤ ਇਹ ਸਾਬਿਤ ਕਰ ਰਹੇ ਹਨ ਕਿ ਜਦੋਂ 1984 'ਚ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਫੌਜ ਨੂੰ ਰਾਜਧਾਨੀ ਅੰਦਰ ਇਸ ਲਈ ਤਾਇਨਾਤ ਕਰਨ ਦਾ ਹੁਕਮ ਨਹੀਂ ਸੀ ਦਿੱਤੀ ਕਿਉਂਕਿ ਇਹ ਘਿਨੌਣਾ ਕਤਲੇਆਮ ਉਸ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਸੀ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਕੀਤੇ ਖੁਲਾਸਿਆਂ ਨੇ ਅਕਾਲੀ ਦਲ ਦੇ ਇਸ ਸਟੈਂਡ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੇਕਰ ਰਾਜੀਵ ਨੇ ਸਿੱਖਾਂ ਦੀ ਜਾਨ ਅਤੇ ਮਾਲ ਨੂੰ ਨਿਸ਼ਾਨਾ ਬਣਾ ਰਹੀਆਂ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀਆਂ ਹਿੰਸਕ ਭੀੜਾਂ ਨੂੰ ਕਾਬੂ ਕਰਨ ਲਈ ਫੌਜ ਬੁਲਾਉਣ ਦੀਆਂ ਅਪੀਲਾਂ ਨੂੰ ਸੁਣਿਆ ਹੁੰਦਾ ਤਾਂ 1984 ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।

ਸੁਖਬੀਰ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡਾਂ ਨੇ ਵੀ ਸਪੱਸ਼ਟ ਕੀਤਾ ਸੀ ਕਿ ਫੌਜ ਨੂੰ ਨਾ ਬੁਲਾਉਣ ਦਾ ਫੈਸਲਾ ਰਾਜੀਵ ਗਾਂਧੀ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਗੱਲ 'ਤੇ ਸ਼ਖ਼ਤ ਨਰਾਜ਼ਗੀ ਹੈ ਕਿ ਜਿਹੜੇ ਵਿਅਕਤੀ ਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਘੜੀ ਅਤੇ ਆਪਣੀ ਨਿਗਰਾਨੀ ਹੇਠ ਕਤਲੇਆਮ ਕਰਵਾਇਆ, ਉਸ ਨੂੰ ਮਰਨ ਉਪਰੰਤ ਦੇਸ਼ ਦਾ ਸਭ ਵੱਡਾ ਸਨਮਾਨ ਦੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਬੇਇਨਸਾਫੀ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਰਾਜੀਵ ਗਾਂਧੀ ਕੋਲੋਂ ਇਹ ਸਨਮਾਨ ਤੁਰੰਤ ਵਾਪਸ ਲੈ ਲਿਆ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਵੱਲੋ ਗਾਂਧੀ ਪਰਿਵਾਰ ਨੂੰ ਕਾਂਗਰਸੀ ਗੁੰਡਿਆਂ ਤੋਂ ਸਿੱਖਾਂ ਨੂੰ ਬਚਾਉਣ ਲਈ ਫੌਜ ਨੂੰ ਨਾ ਸੱਦਣ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਵੀ ਉਹ ਚੁੱਪ ਕਿਉਂ ਹੈ ਅਤੇ ਗਾਂਧੀ ਪਰਿਵਾਰ ਦਾ ਬਚਾਅ ਕਿਉਂ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਗਾਂਧੀ ਪਰਿਵਾਰ ਦੀ ਨਜ਼ਰਾਂ ਵਿਚ ਚੰਗਾ ਬਣਨਾ ਅਤੇ ਆਪਣੀ ਕੁਰਸੀ ਨੂੰ ਬਚਾਉਣਾ ਹੀ ਕੈਪਟਨ ਲਈ ਵੱਧ ਮਹੱਤਵਪੂਰਨ ਹੈ।


Gurminder Singh

Content Editor

Related News