ਸਿਆਸੀ ਸੰਕਟ 'ਚ ਸੁਖਬੀਰ ਬਾਦਲ, ਨਜ਼ਦੀਕੀ ਲੀਡਰ ਦੇ 'ਚਿੱਠੀ ਬੰਬ' ਨੇ ਪਾਈਆਂ ਭਾਜੜਾਂ

Tuesday, Sep 22, 2020 - 06:22 PM (IST)

ਸਿਆਸੀ ਸੰਕਟ 'ਚ ਸੁਖਬੀਰ ਬਾਦਲ, ਨਜ਼ਦੀਕੀ ਲੀਡਰ ਦੇ 'ਚਿੱਠੀ ਬੰਬ' ਨੇ ਪਾਈਆਂ ਭਾਜੜਾਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੁਖਬੀਰ ਦੇ ਸਿਆਸੀ ਸਕੱਤਰ ਪਰਮਜੀਤ ਸਿਧਵਾਂ ਵੱਲੋਂ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਸੁਖਬੀਰ ਬਾਦਲ ਨੂੰ ਲਿਖੇ ਇਕ ਅਸਤੀਫ਼ੇ 'ਚ ਉਨ੍ਹਾਂ ਲਿਖਿਆ ਕਿ ਪਾਰਟੀ ਲੀਡਰਸ਼ਿਪ 'ਤੇ ਇਹ ਦੋਸ਼ ਲਾਏ ਗਏ ਹਨ ਕਿ ਸਿੱਖ ਜਗਤ, ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨਾਲੋਂ ਉਹ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੀ ਹੈ। ਇਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਸਿਧਵਾਂ ਨੂੰ 2014 ਵਿਚ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਕੱਤਰ ਲਗਾਇਆ ਗਿਆ ਸੀ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਇਕ ਹੋਰ ਵੱਡਾ ਫ਼ੈਸਲਾ

ਸਿਧਵਾਂ ਨੇ ਸੁਖਬੀਰ ਬਾਦਲ ਨੂੰ ਲਿਖੇ ਪੱਤਰ 'ਚ ਕਿਹਾ ਕਿ ਕਿ ਉਹ ਇਹ ਚਿੱਠੀ ਬਹੁਤ ਪਹਿਲਾਂ ਲਿਖਣੀ ਚਾਹੁੰਦੇ ਸਨ ਪਰ ਹੁਣ ਪਾਣੀ ਸਿਰ ਉਪਰ ਦੀ ਵੱਗ ਗਿਆ ਅਤੇ ਜ਼ਮੀਰ ਤੁਹਾਡਾ ਸਾਥ ਦੇਣ ਤੋਂ ਜਵਾਬ ਦੇ ਗਈ ਤਾਂ ਲਿਖਣੀ ਜ਼ਰੂਰੀ ਹੋ ਗਈ । ਮੇਰੀ ਪਾਰਟੀ ਪ੍ਰਤੀ ਲਗਨ ਤੋਂ ਇਲਾਵਾ ਤੁਹਾਡੇ ਨਾਲ ਨਿੱਜੀ ਸਾਂਝ ਤੇ ਮੋਹ ਵੀ ਰਿਹਾ। ਤੁਹਾਡਾ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੀ ਹਰ ਹਾਂ ਵਿਚ ਹਾਂ ਮਿਲਾਉਣਾ ਮੇਰਾ ਫਰਜ਼ ਸੀ ਜੋ ਮੈਂ ਜ਼ਿਮੇਵਾਰੀ ਨਾਲ ਨਿਭਾਇਆ। ਮੈਂ ਤੁਹਾਡੇ ਬਹੁਤ ਸਾਰੇ ਫ਼ੈਸਲਿਆ ਖ਼ਿਲਾਫ਼ ਆਪਣੀ ਸਲਾਹ ਵੀ ਦਿੱਤੀ, ਜੇ ਤੁਸੀਂ ਨਹੀਂ ਵੀ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੇ ਫ਼ੈਸਲੇ ਨੂੰ ਹੀ ਸਹੀ ਪ੍ਰਚਾਰਿਆ ਅਤੇ ਕਿਸੇ ਕੋਲ ਇਹ ਜ਼ਿਕਰ ਕਦੇ ਨਹੀਂ ਕੀਤਾ ਕਿ ਮੈਂ ਇਸ ਫ਼ੈਸਲੇ ਦੇ ਵਿਰੁੱਧ ਸੀ। ਮੈਂ ਤੁਹਾਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਦੇਖਿਆ ਹੈ ਕਿ ਤੁਹਾਡੇ ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਹਨ। ਤੁਹਾਡੇ ਵੱਲੋਂ ਪਾਰਟੀ ਨੂੰ ਹਮੇਸ਼ਾ ਹੁਕਮਰਾਨਾਂ ਵਾਂਗੂ ਚਲਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ 100 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰੀ ਨਾਮੋਸ਼ੀ ਝੱਲਣੀ ਪਈ ਅਤੇ ਤੀਜੇ ਸਥਾਨ ਤੇ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ :  ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

ਤੁਹਾਡੇ ਵੱਲੋਂ ਲਏ ਕਈ ਫ਼ੈਸਲੇ ਪਾਰਟੀ ਵਰਕਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਰਹੇ। ਜਿਵੇਂ 2014 ਵਿਚ ਭਾਜਪਾ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰਾ ਤੱਕ ਚੰਗੀ, ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਮਾੜੀ, ਅੱਗੇ ਫਿਰ ਹਿੰਦੁਸਤਾਨ ਵਿਚ ਚੰਗੀ ਲੱਗਦੀ ਸੀ। ਤੁਸੀਂ ਜ਼ਬਰੀ ਹਰਿਆਣਾ ਚੋਣ ਭਾਜਪਾ ਖ਼ਿਲਾਫ਼ ਲੜੀ। ਲੋਕ ਪੁੱਛਦੇ ਸੀ ਭਾਜਪਾ ਇਕੱਲੇ ਹਰਿਆਣੇ ਵਿਚ ਹੀ ਮਾੜੀ ਹੈ। ਫਿਰ ਦਿੱਲੀ ਵਿਚ ਬਾਈਕਾਟ, ਹਰਿਆਣੇ ਵਿਚ ਮੁਕਾਬਲਾ, ਪੰਜਾਬ ਵਿਚ ਸਾਂਝ ਸਭ ਬਚਕਾਨਾ ਕਾਰਵਾਈਆਂ ਸਨ। ਤੁਹਾਡੇ ਪ੍ਰਧਾਨ ਹੁੰਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗ੍ਰਹਿ ਮੰਤਰੀ ਹੁੰਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਵੱਲੋਂ ਹਮੇਸ਼ਾ ਪਾਸਾ ਵੱਟ ਕੇ ਇਕ ਖਾਸ ਡੇਰੇਦਾਰ ਵੱਲ ਨਰਮ ਰੁੱਖ ਅਪਣਾਇਆ ਤਾਂ ਹਰ ਸਿੱਖ ਦਾ ਮਨ ਦੁੱਖੀ ਹੋਇਆ।ਤੁਸੀਂ ਪੰਥ ਦੀ ਪਰਵਾਹ ਨਾ ਕਰਦਿਆਂ ਡੇਰਾ ਮੁੱਖੀ ਨੂੰ ਸ੍ਰੀ ਅਕਾਲ ਤਖਤ ਤੋਂ ਮੁਆਫ਼ੀ ਦਿਵਾਉਣ ਅਤੇ ਆਪਣੀ ਜ਼ਿੱਦ ਕਰਕੇ ਡੇਰਾ ਮੁੱਖੀ ਦੀਆਂ ਫ਼ਿਲਮਾਂ ਪੰਜਾਬ ਵਿਚ ਚਲਵਾਉਣ ਲਈ ਸਰਕਾਰ ਦੀ ਦੁਰਵਰਤੋਂ ਕੀਤੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਕਰਨ ਅਤੇ ਕਰਾਉਣ ਦੀ ਜਾਂਚ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਉਦੋਂ ਲੋਕਾਂ ਵਿਚ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਸੀ।

ਇਹ ਵੀ ਪੜ੍ਹੋ :  ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ

ਦੁੱਖੀ ਮਨ ਨਾਲ ਉਸ ਸਮੇਂ ਤੋਂ ਮੈਂ ਆਪਣੀਆਂ ਸਰਗਰਮੀਆਂ ਸੀਮਤ ਕਰ ਦਿੱਤੀਆਂ ਸਨ ਪਰ ਪਾਰਟੀ ਪ੍ਰਤੀ ਲਗਾਅ ਸਦਕਾ ਹਮੇਸ਼ਾ ਪਾਰਟੀ ਵੱਲੋਂ ਲਗਾਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ। ਤੁਹਾਡੇ ਅਤੇ ਵੱਡੇ ਬਾਦਲ ਸਾਹਿਬ ਦੇ ਕਹਿਣ 'ਤੇ 2019 ਦੇ ਲੋਕ ਸਭਾ ਚੋਣ ਵਿਚ ਬਠਿੰਡੇ ਪੂਰੀ ਡਿਊਟੀ ਦਿੱਤੀ। ਤੁਹਾਡੇ ਵੱਲੋਂ ਲਏ ਗਏ ਕਈ ਫ਼ੈਸਲਿਆਂ ਕਰਕੇ ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿਚ ਜਾ ਕੇ ਲੋਕ ਰੋਹ ਅੱਗੇ ਪਾਰਟੀ ਦਾ ਪੱਖ ਪੇਸ਼ ਕਰਨਾ ਹੀ ਮੁਸ਼ਕਲ ਹੋ ਗਿਆ ਪਰ ਹੁਣ ਤਾਂ ਹੱਦ ਹੀ ਹੋ ਗਈ ਜਦ ਖੇਤੀ ਸਬੰਧੀ ਆਰਡੀਨੈਂਸਾਂ ਦੇ ਆਉਣ 'ਤੇ ਤੁਸੀਂ ਪਾਰਟੀ ਦੀ ਹਾਲਤ ਪਾਣੀਓਂ ਪਤਲੀ ਕਰਕੇ ਰੱਖ ਦਿੱਤੀ। ਬਿਨਾਂ ਕਿਸੇ ਨਾਲ ਸਲਾਹ ਕੀਤੇ ਤੁਸੀਂ ਪਾਰਟੀ ਪ੍ਰਧਾਨ ਹੋਣ ਨਾਤੇ ਅਤੇ ਪਾਰਟੀ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ ਮਹੀਨੇ ਤੋਂ 14 ਸਤੰਬਰ ਤੱਕ ਖੇਤੀ ਸਬੰਧੀ ਆਰਡੀਨੈਂਸਾਂ ਦੇ ਹੱਕ ਵਿਚ ਪੂਰਾ ਖੁੱਲਮ-ਖੁੱਲ੍ਹਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਨੇਕਾਂ ਪ੍ਰੈਸ ਕਾਨਫਰੰਸਾਂ, ਕੇਂਦਰੀ ਖੇਤੀ ਮੰਤਰੀ ਤੋਂ ਲਿਖਤੀ ਭਰੋਸਾ ਅਤੇ ਸੋਸ਼ਲ ਮੀਡੀਏ ਤੋਂ ਲਗਾਤਾਰ ਹਾਂ ਪੱਖੀ ਪ੍ਰਚਾਰ ਕੀਤਾ। ਤੁਸੀਂ ਮਜਬੂਰ ਬਾਦਲ ਸਾਹਿਬ ਤੋਂ ਵੀ ਬਿਆਨ ਦਿਵਾ ਦਿੱਤਾ ਕਿ ਮੇਰੇ ਨੂੰਹ ਪੁੱਤ ਸੱਚ ਬੋਲਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹਨ”। ਹੈਰਾਨੀ ਅਤੇ ਸ਼ਰਮਿੰਦਗੀ ਤਾਂ ਉਸ ਸਮੇਂ ਹੋਈ ਜਦੋਂ ਇਕ ਦਮ ਯੂ-ਟਰਨ ਲੈ ਲਿਆ ਅਤੇ ਆਰਡੀਨੈਂਸ ਤੁਹਾਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਦਿੱਸਣ ਲੱਗੇ। ਜਿਹੜੀਆਂ ਕਿਸਾਨ ਜਥੇਬੰਦੀਆਂ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਅਕਾਲੀ ਦਲ ਅਤੇ ਹੋਰ ਪਾਰਟੀਆਂ ਨੂੰ ਕਾਂਗਰਸ ਦੀ ਬੀ ਟੀਮ”ਦੱਸਦੇ ਸੀ, ਉਹ ਹੁਣ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗੇ। ਜਿਸ ਕਰਕੇ ਤੁਸੀਂ ਅੱਜ ਉਨ੍ਹਾਂ ਨਾਲ ਮਗਰੋਂ ਭੱਜ ਕੇ ਰਲਣ ਲਈ ਕਾਹਲ੍ਹੇ ਜਾਪਦੇ ਹੋ। 'ਨਾਲੇ ਸੌ ਡੰਡੇ ਖਾਧੇ, ਨਾਲੇ ਨੌ ਗੰਢੇ ਖਾਧੇ' ਵਾਲੀ ਕਹਾਵਤ ਵਾਂਗ ਨਾ ਇਧਰ ਦੇ ਰਹੇ, ਨਾ ਉਧਰ ਦੇ ਰਹੇ।

ਇਹ ਵੀ ਪੜ੍ਹੋ :  ਪਟਿਆਲਾ 'ਚ ਜ਼ਬਰਦਸਤ ਗੈਂਗਵਾਰ, ਪਹਿਲਾਂ ਵੀਡੀਓ ਭੇਜ ਕੇ ਵੰਗਾਰਿਆ, ਫਿਰ ਹੋਇਆ ਭੇੜ

ਪ੍ਰਧਾਨ ਜੀ ਜਿਨ੍ਹਾਂ ਕੁ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫ਼ੈਸਲਾ ਬਦਲਿਆਂ ਹੈ ਕਿਉਂਕਿ  ਲੋਕਾਂ ਦਾ ਦਬਾਅ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਬਹੁਤ ਸੀ ਪਰ ਤੁਸੀ ਤਾਂ ਧਰਨਿਆਂ ਤੇ ਬੈਠੇ ਗੁਰਸਿੱਖਾਂ ਨੂੰ ਵਿਹਲੇ ਦੱਸ ਕੇ ਮਾਖੌਲ ਉਡਾਇਆ ਕਰਦੇ ਸੀ। ਲੱਗਦਾ ਤੁਹਾਡਾ ਇਹ ਫ਼ੈਸਲਾ ਬਦਲਣ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਪਿੱਛੇ ਅਣ-ਕਿਆਸੇ ਕਾਰਨ ਹਨ। ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫਾ ਦੇ ਕੇ ਦਬਾਅ ਬਣਾ ਰਹੇ ਹੋ ਅਤੇ ਇੱਥੇ ਕਿਸਾਨਾਂ ਦੇ ਹੱਕ ਵਿਚ ਖੜ੍ਹਣ ਦਾ ਭਰਮ ਪੈਦਾ ਕਰ ਰਹੇ ਹੋ। ਜਦਕਿ ਬੀਬਾ ਜੀ ਅਜੇ ਵੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸ ਰਹੇ ਹਨ। ਅਜਿਹੇ ਬਿਆਨਾਂ ਨਾਲ ਹਾਸੋ-ਹੀਣੀ ਸਥਿਤੀ ਬਣੀ ਹੋਈ ਹੈ ਜਦਕਿ ਪਹਿਲਾਂ ਵੀ ਪਾਰਟੀ ਦੀ ਕੇਂਦਰ ਸਰਕਾਰ ਵਿਚ ਭਾਜਪਾ ਨਾਲ ਭਾਈਵਾਲੀ ਪਰ ਹਰਿਆਣਾ ਚੋਣਾਂ ਵਿਚ ਵਿਰੋਧ, ਦਿੱਲੀ ਚੋਣਾਂ ਵਿਚ ਵੱਖਰਾ ਸਟੈਂਡ ਲੈਣ ਨਾਲ ਅਕਾਲੀ ਦਲ ਲੀਡਰਸ਼ਿਪ ਕੋਲ ਕੋਈ ਜਵਾਬ ਨਹੀਂ ਸੀ। ਮੈਂ ਦੋ ਦਿਨ ਚੱਜ ਨਾਲ ਸੌਂ ਨਹੀਂ ਸਕਿਆ। ਮੇਰੀ ਦੋ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 70 ਸਿਆਣੇ ਲੀਡਰਾਂ ਅਤੇ ਜ਼ਿੰਮੇਵਾਰ ਵਰਕਰਾਂ ਨਾਲ ਗੱਲ ਹੋਈ ਹੈ, ਸਭ ਮਾਯੂਸ ਅਤੇ ਪ੍ਰੇਸ਼ਾਨ ਹਨ ਕਿ ਪ੍ਰਧਾਨ ਸਾਹਿਬ ਪਹਿਲਾਂ ਠੀਕ ਸੀ ਕਿ ਹੁਣ ?”

ਇਹ ਵੀ ਪੜ੍ਹੋ :  ਵਜ਼ੀਫ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਪ੍ਰਧਾਨ ਜੀ ਕੁੱਝ ਚਾਪਲੂਸ, ਖੁਦਗਰਜ਼ ਅਤੇ ਬੱਲੇ-ਬੱਲੇ ਕਰਨ ਵਾਲੇ ਲੋਕ ਜ਼ਰੂਰ ਤੁਹਾਡੇ ਪਹਿਲੇ ਫ਼ੈਸਲੇ 'ਤੇ ਵੀ ਵਾਹ-ਵਾਹ ਕਰ ਰਹੇ ਸਨ, ਹੁਣ ਬਦਲੇ ਹੋਏ ਫ਼ੈਸਲੇ 'ਤੇ ਵੀ ਸ਼ਾਬਾਸ਼-ਸ਼ਾਬਾਸ਼ ਕਹਿ ਰਹੇ ਹਨ ਪਰ ਮੇਰੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਜਵਾਬਦੇਹ ਹੋਣਾ ਅਤਿ ਔਖਾ ਹੋ ਗਿਆ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਮੈਂ ਇਹੋ ਜਿਹੇ ਬੇ-ਅਸੂਲੇ, ਬੇ-ਤਰਤੀਬੇ, ਮਤਲਬ ਸਿਆਣਪ ਤੋਂ ਕੋਹਾਂ ਦੂਰ ਫ਼ੈਸਲੇ ਕਰਕੇ ਲੋਕਾਂ ਵਿਚ ਜਾਣ 'ਚ ਸ਼ਰਮ ਮਹਿਸੂਸ ਕਰਦਾ ਹਾਂ।ਸੋ ਇਸ ਕਰਕੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

ਇਹ ਵੀ ਪੜ੍ਹੋ :  ਜਲਾਲਾਬਾਦ 'ਚ ਵਾਪਰਿਆ ਦਿਲ ਕੰਬਾਉਣ ਵਾਲਾ ਹਾਦਸਾ, ਤਸਵੀਰਾਂ ਦੇਖ ਨਿਕਲ ਆਵੇਗਾ ਤ੍ਰਾਹ


author

Gurminder Singh

Content Editor

Related News