ਸੁਖਬੀਰ ਬਾਦਲ ’ਤੇ ਭੜਕੇ ਨਵਜੋਤ ਸਿੱਧੂ, ਦਿੱਤੀ ਵੱਡੀ ਚੁਣੌਤੀ
Saturday, Nov 27, 2021 - 06:36 PM (IST)
ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਏ ਦੋਸ਼ਾਂ ਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਜਵਾਬ ਦਿੱਤਾ ਹੈ। ਸਿੱਧੂ ਨੇ ਆਖਿਆ ਹੈ ਕਿ ਜੇਕਰ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦੇਣ ਵਾਲੇ ਡੀ. ਜੀ. ਪੀ. ਜਾਂ ਏ. ਜੀ. ਨਾਲ ਇਕ ਵੀ ਬੰਦ ਕਮਰਾ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਗੱਲਾਂ ਨਾ ਕਰੇ ਸਬੂਤ ਪੇਸ਼ ਕਰੇ। ਸੁਖਬੀਰ ਬਾਦਲ ਵਲੋਂ ਸਿਰਫ ਬੇਬੁਨਿਆਦ ਅਤੇ ਮਨਘੜੰਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਮੇਰੀ ਕੋਈ ਬਸ ਚੱਲਦੀ ਹੈ ਅਤੇ ਨਾ ਹੀ ਮੇਰੀ ਕੋਈ ਰੇਤ ਦੀ ਖੱਡ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਗ੍ਰਿਫ਼ਤਾਰੀ ਦਾ ਡਰ ਨਹੀਂ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਿੱਧੂ ਵਲੋਂ ਡੀ. ਜੀ. ਪੀ. ਨਾਲ ਮੁਲਾਕਾਤ ਕਰਕੇ ਬਿਕਰਮ ਮਜੀਠੀਆ ’ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਖ਼ਿਲਾਫ਼ ਬਾਗੀ ਸੁਰਾਂ ਉੱਠਣ ਦੇ ਆਸਾਰ, ਵਿਧਾਇਕਾਂ ਨੇ ਰਵੱਈਏ ’ਤੇ ਚੁੱਕੇ ਸਵਾਲ
ਹੁਣ ਨਹੀਂ ਚੱਲੇਗੀ 60/40 ਦੀ ਖੇਡ
ਇਸ ’ਤੇ ਸਿੱਧੂ ਨੇ ਸੁਖਬੀਰ ਸਿੰਘ ਬਾਦਲ ’ਤੇ ਜਮ ਕੇ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰਦਾ ਰਿਹਾ ਹੈ। ਭਾਵੇਂ ਅਕਾਲੀ ਦਲ ਮੂਹਰੇ ਸੀ ਪਰ ਪਿੱਛੇ ਕੋਈ ਹੋਰ ਹੀ ਸੀ। ਸਿੱਧੂ ਨੇ ਕਿਹਾ ਕਿ ਇਸ ਵਾਰ 60/40 ਦੀ ਖੇਡ ਨਹੀਂ ਚੱਲੇਗੀ, ਇਸ ਵਾਰ ਲੋਕਾਂ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਫਾਇਦੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁੱਖ ਮੰਤਰੀ ਨੇ ਤਾਂ ਕੁੱਝ ਨਹੀਂ ਕੀਤਾ ਪਰ ਹੁਣ ਲੋਕ ਆਪਣੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਕੋਈ ਵਾਅਦੇ ਨਹੀਂ ਕਰਦਾ, ਮੇਰਾ ਪੰਜਾਬ ਮਾਡਲ ਹੀ ਚੱਲੇਗਾ, ਜਿਸ ਲਈ ਉਹ ਉਪਰੋਂ ਇਜਾਜ਼ਤ ਲੈਣਗੇ।
ਇਹ ਵੀ ਪੜ੍ਹੋ : ਹਰੀਸ਼ ਚੌਧਰੀ ’ਤੇ ਕੈਪਟਨ ਦਾ ਹਮਲਾ, ਕਿਹਾ ਕਤਲ ਕੇਸ ’ਚ ਨਾਮਜ਼ਦ ਵਿਅਕਤੀ ਨੂੰ ਸਪੱਸ਼ਟੀਕਰਣ ਦੇਣ ਦੀ ਲੋੜ ਨਹੀਂ
ਫਾਸਟ ਵੇ ’ਤੇ ਲਗਾਏ ਵੱਡੇ ਦੋਸ਼
ਸਿੱਧੂ ਨੇ ਕਿਹਾ ਕਿ ਹੁਣ ਫਾਸਟ ਵੇ ’ਤੇ ਈ. ਡੀ. ਦੀ ਰੇਡ ਹੋਈ ਹੈ। ਇਸ ਤੋਂ ਬਾਅਦ ਅਕਾਲੀ ਦਲ ਭੜਕ ਉਠਿਆ ਹੈ। ਸ਼ੁਰੂ ਤੋਂ ਹੀ ਸੁਖਬੀਰ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ ਰਹੀ ਹੈ। ਫਾਸਟ ਵੇ ਦੇ ਨਾਮ ’ਤੇ ਸਰਕਾਰ ਦਾ ਪੈਸਾ ਖਾਧਾ ਗਿਆ ਹੈ। ਸੁਰਿੰਦਰ ਭਲਵਾਨ ਤੇ ਜੁਝਾਰ ਸਿੰਘ ਵਿਚ ਪੈਸਿਆਂ ਦਾ ਲੈਣ ਦੇਣ ਸਾਹਮਣੇ ਆਇਆ ਹੈ ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਕੋਈ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਚੋਣਾਂ ਨੂੰ ਲੈ ਕੇ ਭਾਜਪਾ ਦਾ ਮਾਸਟਰ ਪਲਾਨ, ‘ਤਰੁਪ ਦਾ ਪੱਤਾ’ ਚੱਲ ਕੇ ਸਿਆਸਤ ’ਚ ਮਚਾਈ ਖਲਬਲੀ
ਲੋਕਾਂ ਨੂੰ ਲੁੱਟਦਾ ਰਿਹਾ ਅਕਾਲੀ ਦਲ
ਸਿੱਧੂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਲੋਕਾਂ ਨੂੰ ਸਿਰਫ ਲੁੱਟਿਆ ਹੈ। ਲੋਕਾਂ ਨੂੰ ਡਰਾ ਕੇ ਬੱਸਾਂ ਆਪਣੇ ਨਾਮ ਕਰਵਾ ਲਈਆਂ, ਪ੍ਰਾਪਰਟੀਆਂ ’ਤੇ ਕਬਜ਼ੇ ਕੀਤੇ। 13-13 ਨੂੰ ਭੁੱਲ ਕੇ ਅਕਾਲੀ ਦਲ ਹਮੇਸ਼ਾ ਮੇਰਾ-ਮੇਰਾ ਹੀ ਕਰਦਾ ਰਿਹਾ ਹੈ। ਇਹੀ ਕਾਰਣ ਹੈ ਕਿ ਅਕਾਲੀ ਦਲ ਸਿਰਫ 13 ’ਤੇ ਹੀ ਸੁੰਗੜ ਕੇ ਰਹਿ ਗਿਆ ਹੈ। ਮੁੱਖ ਮੰਤਰੀ ਚੰਨੀ ਦਾ ਘਿਰਾਓ ਕਰਨ ’ਤੇ ਸਿੱਧੂ ਨੇ ਕਿਹਾ ਕਿ ਈ. ਡੀ. ਇਨ੍ਹਾਂ ਦੇ ਚਹੇਤਿਆਂ ’ਤੇ ਰੇਡ ਕਰ ਰਿਹਾ ਹੈ। ਲਿਹਾਜ਼ਾ ਮੁੱਖ ਮੰਤਰੀ ਦਾ ਘਿਰਾਓ ਕਰਨ ਦੀ ਬਜਾਏ ਉਹ ਪ੍ਰਧਾਨ ਮੰਤਰੀ ਦਫਤਰ ਦਾ ਘਿਰਾਓ ਕਰਨ।
ਇਹ ਵੀ ਪੜ੍ਹੋ : ਟੈਂਕੀ ’ਤੇ ਚੜ੍ਹਨ ਵਾਲੇ ਤੇ ਪ੍ਰੋਗਰਾਮ ’ਚ ਵਿਘਨ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਮੰਚ ਤੋਂ ਦਿੱਤੀ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?