ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਭਖ਼ਿਆ ਚੋਣ ਅਖਾੜਾ, ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਦੇ ਹੱਕ ’ਚ ਕੀਤਾ ਪ੍ਰਚਾਰ

Thursday, Jun 09, 2022 - 07:07 PM (IST)

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਭਖ਼ਿਆ ਚੋਣ ਅਖਾੜਾ, ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਦੇ ਹੱਕ ’ਚ ਕੀਤਾ ਪ੍ਰਚਾਰ

ਸ਼ਹਿਣਾ (ਧਰਮਿੰਦਰ ਸਿੰਘ) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਅਖਾੜਾ ਭਖ਼ਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਪਾਰਟੀ ਉਮੀਦਵਾਰ ਕਮਲਦੀਪ ਕੌਰ ਦੇ ਹੱਕ ’ਚ ਚੋਣ ਪ੍ਰਚਾਰ ਲਈ ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ਮੋੜ ਦੇ ਅਜਮੇਰ ਪੈਲੇਸ ਵਿਖੇ ਪਹੁੰਚੇ। ਇਸ ਦੌਰਾਨ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਹੈ। ਹਲਕਾ ਭਦੌਡ਼ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ਹੋਏ ਹਲਕੇ ਪੱਧਰ ਦੇ ਇਕੱਠ ਨੂੰ ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਕਾਂਗਰਸ ਪਾਰਟੀ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਬੇਕਸੂਰ ਬੰਦੀ ਸਿੰਘਾਂ ਨੂੰ 30 ਸਾਲਾਂ ਤੋਂ ਵੱਧ ਸਮਾਂ ਜੇਲ੍ਹਾਂ ’ਚ ਬੰਦ ਕਰਕੇ ਰੱਖਿਆ ਹੋਇਆ ਹੈ, ਜਿਨ੍ਹਾਂ ਦੇ ਪਰਿਵਾਰ ਅੱਜ ਵੀ ਉਨ੍ਹਾਂ ਦੀ ਝਲਕ ਦੇਖਣ ਨੂੰ ਤਰਸ ਚੁੱਕੇ ਹਨ। ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਅੱਜ ਵੀ ਹਜ਼ਾਰਾਂ ਬੇਕਸੂਰ ਸਿੱਖ ਜੇਲ੍ਹਾਂ ਅੰਦਰ ਬੰਦ ਹਨ ਤੇ ਉਨ੍ਹਾਂ ਦੀ ਰਿਹਾਈ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

PunjabKesari

ਇਸ ਦੌਰਾਨ ਉਨ੍ਹਾਂ ਜਥੇਦਾਰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਲੋਕ ਸਭਾ ਸੰਗਰੂਰ ਤੋਂ ਜ਼ਿਮਨੀ ਚੋਣ ਰਾਹੀਂ ਇਕ ਸੁਨਹਿਰੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਆਪਣੀ ਇਕ-ਇਕ ਵੋਟ ਦੀ ਵਰਤੋਂ ਕਰਕੇ ਕਮਲਦੀਪ ਕੌਰ ਰਾਜੋਆਣਾ ਨੂੰ ਕੇਂਦਰ ’ਚ ਭੇਜਣ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਕੇਂਦਰ ਤੱਕ ਪਹੁੰਚ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟੇਬਲ ਤੇ ਫਾਈਲ ਪਹੁੰਚ ਚੁੱਕੀ ਹੈ ਤੇ ਉਹ ਕੇਂਦਰ ਸਰਕਾਰ ਨੂੰ ਅੱਗੇ ਨਹੀਂ ਪਹੁੰਚਾ ਰਹੇ। ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅੱਜ ਪੰਜਾਬ ਅੰਦਰ ਲਗਾਤਾਰ ਗੋਲ਼ੀਆਂ ਨਾਲ ਨੌਜਵਾਨਾਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ। ਬਾਦਲ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਘਰ ਬੈਠਣ ਲਈ ਮਜਬੂਰ ਹਨ ਅਤੇ ਮੁਲਾਜ਼ਮ ਵਰਗ ਵੀ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਪੰਜਾਬ ਦਾ ਨੌਜਵਾਨ, ਕਿਸਾਨ, ਮਜ਼ਦੂਰ, ਵਪਾਰੀ ਸਮੇਤ ਹਰ ਵਰਗ ਆਮ ਆਦਮੀ ਸਰਕਾਰ ਤੋਂ ਦੁਖੀ ਹੈ ਕਿਉਂਕਿ ਪੰਜਾਬ ਦਾ ਰਿਮੋਟ ਕੰਟਰੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਨਾ ਹੋ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਹੈ। 

ਇਸ ਮੌਕੇ ਉਨ੍ਹਾਂ ਵੋਟਰਾਂ ਤੋਂ ਮੰਗ ਕਰਦਿਆਂ ਕਿਹਾ ਕਿ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਜਨਮੇਜਾ ਸਿੰਘ ਸੇਖੋਂ, ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਪੰਜਾਬ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਹਲਕਾ ਭਦੌੜ ਅਤੇ ਜ਼ਿਲ੍ਹਾ ਬਰਨਾਲਾ ਅੰਦਰ ਸਖ਼ਤ ਮਿਹਨਤ ਕਰਨ ਲਈ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਮੌਕੇ ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿੱਲਵਾਂ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਤਾਜੋਕੇ, ਸ਼੍ਰੋਮਣੀ ਇਸਤਰੀ ਅਕਾਲੀ ਦਲ ਪਾਰਟੀ ਦੀ ਪੰਜਾਬ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ, ਕਰਮਜੀਤ ਸਿੰਘ ਟੀਟੂ ਤਾਜੋਕੇ, ਗੁਲਾਬ ਸਿੰਘ ਧਾਲੀਵਾਲ, ਯੂਥ ਆਗੂ ਗੁਰਵਿੰਦਰ ਸਿੰਘ ਘੁੰਨਸ, ਯੂਥ ਆਗੂ ਰਾਜੂ ਖਾਨ, ਯੂਥ ਆਗੂ ਰਾਜਵਿੰਦਰ ਸਿੰਘ ਰਾਜੂ, ਸਰਪੰਚ ਸੁਖਪਾਲ ਸਿੰਘ ਸਮਰਾ ਪੱਖੋ ਕਲਾਂ, ਸਹਿਣਾ ਯੂਥ ਵਿੰਗ ਦੇ ਪ੍ਰਧਾਨ ਗਗਨ ਸਿੰਗਲਾ, ਇਕਬਾਲ ਸਿੰਘ ਢਿੱਲੋਂ ਢਿੱਲਵਾਂ ਤੋਂ ਇਲਾਵਾ ਸਮੁੱਚੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਅਤੇ ਪਾਰਟੀ ਵਰਕਰ ਹਾਜ਼ਰ ਸਨ।


author

Manoj

Content Editor

Related News