ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੀਤਾ ਸਭ ਤੋਂ ਵੱਧ ਨੁਕਸਾਨ

Sunday, Jan 15, 2023 - 11:24 AM (IST)

ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੀਤਾ ਸਭ ਤੋਂ ਵੱਧ ਨੁਕਸਾਨ

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਇਹ ਪਾਰਟੀ ਹੀ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ ਤੇ ਰਵਾਇਤਾਂ ਦੀ ਅਸਲ ਉੱਤਰਾਧਿਕਾਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸਰਬੱਤ ਦੇ ਭਲੇ ਦੇ ਮੂਲ ਸਿਧਾਂਤ ਮੁਤਾਬਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਇੱਥੇ ਮਾਘੀ ਮੇਲੇ ’ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ਼ ਉਸੇ ਪਾਰਟੀ ਦੇ ਹੱਥਾਂ ਵਿਚ ਸੁਰੱਖਿਅਤ ਹੈ, ਜਿਸਨੇ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰਹਿਣੀ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵੇਖ ਲਿਆ ਹੈ ਕਿ ਕਿਵੇਂ ਪਿਛਲੀ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕੀਤੇ, ਜੋ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਭਾਜਪਾ ਤੋਂ ਜ਼ਿਆਦਾ ਆਸਾਂ ਨਹੀਂ ਲਾ ਸਕਦੇ ਕਿਉਂਕਿ ਇਹ ਪਾਰਟੀ ਪੰਜਾਬੀਆਂ ਨੂੰ ਇਕ-ਦੂਜੇ ਨਾਲ ਲੜਾਉਣ ਲਈ ਭੜਕਾ ਰਹੀ ਹੈ। ਪੰਜਾਬੀਆਂ ਨੂੰ ਫ਼ੈਸਲੇ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰਨ ਦੀ ਸਲਾਹ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਉਹ ਪਹਿਲਾਂ ਵੀ ਭਾਵਨਾਵਾਂ ਦੇ ਵਹਿਣ ਵਿਚ ਵਹਿ ਚੁੱਕੇ ਹਨ। 

ਇਹ ਵੀ ਪੜ੍ਹੋ- 2 ਬੱਚਿਆਂ ਦੇ ਪਿਓ ਨੇ ਕੀਤੀ ਸ਼ਰਮਨਾਕ ਕਰਤੂਤ, ਕੜਾਕੇ ਦੀ ਠੰਡ 'ਚ ਬੱਚਿਆਂ ਸਮੇਤ ਥਾਣੇ ਅੱਗੇ ਮਾਂ ਨੇ ਲਾਇਆ ਧਰਨਾ

ਬਾਦਲ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਰਾਹੁਲ ਗਾਂਧੀ ਦਾ ਸਵਾਗਤ ਕਰਨ ਤੋਂ ਪਹਿਲਾਂ ਆਪਣੇ ਮਨਾਂ ਵਿਚ ਵਿਚਾਰ ਕਰ ਲੈਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਕਾਨਫਰੰਸ ਦੌਰਾਨ ਮੰਚ ਸੰਚਾਲਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸਮੂਹ ਲੀਡਰਸ਼ਿਪ ਨੂੰ ਜੀ ਆਇਆ ਕਹਿੰਦਿਆਂ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਾ ਸਿੰਘ ਸੇਖੋਂ, ਮਨਤਾਰ ਸਿੰਘ ਬਰਾੜ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਛੱਤਰਪਾਲ, ਗੁਰਪ੍ਰਤਾਪ ਸਿੰਘ ਵਡਾਲਾ, ਸੁਖਵਿੰਦਰ ਸੁੱਖੀ, ਹਰਪ੍ਰੀਤ ਸਿੰਘ ਕੋਟਭਾਈ, ਪਰਮਬੰਸ ਸਿੰਘ ਬੰਟੀ ਰੋਮਾਣਾ, ਹਰਦੀਪ ਸਿੰਘ ਡਿੰਪੀ ਢਿੱਲੋਂ, ਭਾਈ ਗੁਰਚਰਨ ਸਿੰਘ ਗਰੇਵਾਲ, ਜਗਬੀਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।     


author

Simran Bhutto

Content Editor

Related News