ਸੁਖਬੀਰ ਦਾ MLA 'ਦਰਸ਼ਨ ਸਿੰਘ ਬਰਾੜ' ਖ਼ਿਲਾਫ਼ ਵੱਡਾ ਖ਼ੁਲਾਸਾ, 'ਗਰੀਨ ਬੈਲਟ 'ਚੋਂ ਚੁੱਕ ਰਿਹੈ ਰੇਤਾ' (ਤਸਵੀਰਾਂ)
Saturday, Jul 03, 2021 - 01:38 PM (IST)
ਹੁਸ਼ਿਆਰਪੁਰ/ਮੁਕੇਰੀਆਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਮੁਕੇਰੀਆਂ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਲਾਈਵ ਰੇਡ ਕੀਤੀ ਗਈ। ਇਸ ਮੌਕੇ ਸੁਖਬੀਰ ਅਤੇ ਮਜੀਠੀਆ ਵੱਲੋਂ ਕਾਂਗਰਸੀ ਵਿਧਾਇਕ 'ਤੇ ਨਾਜਾਇਜ਼ ਮਾਈਨਿੰਗ ਦੇ ਵੱਡੇ ਦੋਸ਼ ਲਾਏ ਗਏ।
ਸੁਖਬੀਰ ਬਾਦਲ ਨੇ ਇਸ ਮੌਕੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗਰੀਨ ਬੈਲਟ 'ਚੋਂ ਰੇਤਾਂ ਚੁੱਕ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸੁਖਬੀਰ ਨੇ ਕਿਹਾ ਕਿ ਮਾਈਨਿੰਗ ਵਾਲੇ ਸਾਰਾ ਇਲਾਕਾ ਗਰੀਨ ਬੈਲਟ 'ਚ ਆਉਂਦਾ ਹੈ। ਇਸ ਦੇ ਬਾਵਜੂਦ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਇੱਥੇ ਆਪਣਾ ਕਬਜ਼ਾ ਕੀਤਾ ਹੋਇਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੀ ਗੈਰ ਕਾਨੂੰਨੀ ਮਾਈਨਿੰਗ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਬਰਾੜ ਦੇ ਨਾਂ 'ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਨਹਿਰ 'ਚ ਕੋਈ ਕੰਮ ਨਹੀਂ ਹੋ ਸਕਦਾ, ਉੱਥੇ ਮਾਈਨਿੰਗ ਦੌਰਾਨ ਡੂੰਘੇ-ਡੂੰਘੇ ਟੋਏ ਪੁੱਟੇ ਗਏ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਨੂੰ ਪਹਿਲਾਂ ਹੀ ਉਨ੍ਹਾਂ ਦੇ ਆਉਣ ਬਾਰੇ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਟੋਏ ਪੁੱਟ ਕੇ ਗੱਡੀਆਂ ਅੱਗੇ ਲਿਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਅਤੇ ਆਪ ਸਾਰਾ ਸਮਾਨ ਚੁੱਕ ਕੇ ਉੱਥੋਂ ਚਲੇ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਬੰਧਿਤ ਵਿਭਾਗ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨੇ ਵਿੰਨ੍ਹੇ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ