ਵਿਧਾਨ ਸਭਾ ਚੋਣਾਂ ਲਈ ਅਕਤੂਬਰ ਮਹੀਨੇ ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ ਅਕਾਲੀ ਦਲ : ਸੁਖਬੀਰ

Saturday, Jun 12, 2021 - 09:36 AM (IST)

ਵਿਧਾਨ ਸਭਾ ਚੋਣਾਂ ਲਈ ਅਕਤੂਬਰ ਮਹੀਨੇ ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ ਅਕਾਲੀ ਦਲ : ਸੁਖਬੀਰ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਅਕਤੂਬਰ 2021 ਦੇ ਅਖ਼ੀਰ ਤੱਕ ਤਿਆਰ ਕਰ ਲਵੇਗੀ ਅਤੇ ਇਸ ਵਿਚ ਸਰਕਾਰੀ ਮੁਲਾਜ਼ਮਾਂ ਦੀਆਂ ਸਿਰਫ ਉਹੀ ਮੰਗਾਂ ਸ਼ਾਮਲ ਹੋਣਗੀਆਂ, ਜੋ ਪੂਰੀਆਂ ਕੀਤੀਆਂ ਜਾ ਸਕਣਗੀਆਂ ਨਾ ਕਿ ਕਾਂਗਰਸ ਪਾਰਟੀ ਵਾਂਗ ਵੱਡੇ-ਵੱਡੇ ਤੇ ਝੂਠੇ ਵਾਅਦੇ ਕੀਤੇ ਜਾਣਗੇ। ਇੱਥੇ ਮੁਲਾਜ਼ਮ ਫਰੰਟ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਣ ਵੇਲੇ ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਉਹੀ ਵਾਅਦੇ ਕਰੇਗਾ, ਜੋ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੂਰੇ ਕਰ ਸਕਣ ਦੇ ਸਮਰੱਥ ਹੋਣ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ

ਉਨ੍ਹਾਂ ਕਿਹਾ ਕਿ ਅਕਾਲੀ ਦਲ ਜ਼ੁਬਾਨ ਪੂਰੀ ਕਰਨ ਵਿਚ ਵਿਸ਼ਵਾਸ ਰੱਖਦਾ ਹੈ, ਜਿਵੇਂ ਕਿ ਬੀਤੇ ਸਮੇਂ ਦੌਰਾਨ ਇਸ ਦੀ ਅਗਵਾਈ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਡੇ-ਵੱਡੇ ਤੇ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ਹਾਸਲ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ 2022 ਦੀਆਂ ਚੋਣਾਂ ਵਾਸਤੇ ਚੋਣ ਮਨੋਰਥ ਤਿਆਰ ਕਰ ਰਹੀ ਹੈ ਤੇ ਇਹ ਅਕਤੂਬਰ 2021 ਦੇ ਅਖ਼ੀਰ ਤੱਕ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਬੀਤੇ ਸਮੇਂ ਵਿਚ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਸਿਰਫ ਅਕਾਲੀ ਸਰਕਾਰਾਂ ਨੇ ਹੀ ਲਾਗੂ ਕੀਤੀਆਂ ਹਨ ਤੇ ਹੁਣ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਜਾਪ ਰਿਹਾ ਹੈ ਕਿ 2022 ਵਿਚ ਅਕਾਲੀ ਸਰਕਾਰ ਬਣਨ ’ਤੇ ਅਕਾਲੀ ਦਲ ਨੂੰ ਇਹ ਸਿਫਾਰਸ਼ਾਂ ਲਾਗੂ ਕਰਨੀਆਂ ਪੈਣਗੀਆਂ।

ਇਹ ਵੀ ਪੜ੍ਹੋ : ਕੈਨੇਡਾ 'ਚ ਪੜ੍ਹਾਈ ਦਾ ਸੁਫ਼ਨਾ ਦੇਖ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਜਲਦੀ ਮਿਲੇਗੀ ਵੱਡੀ ਰਾਹਤ

ਉਨ੍ਹਾਂ ਹੋਰ ਦੱਸਿਆ ਕਿ ਮੁਲਾਜ਼ਮ ਫਰੰਟ ਦਾ ਜ਼ਿਲ੍ਹਾ ਪੱਧਰੀ ਢਾਂਚਾ ਜੁਲਾਈ, 2021 ਦੇ ਅਖ਼ੀਰ ਤੱਕ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਲੋਕਾਂ ਖ਼ਾਸ ਤੌਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਤੇ ਪ੍ਰਵਾਨ ਕਰਨ ਵਿਚ ਨਾਕਾਮ ਰਹੀ ਤਾਂ ਫਿਰ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ। ਉਨ੍ਹਾਂ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਮੁਲਾਜ਼ਮ ਭਲਾਈ ਬੋਰਡ ਵਿਚ ਮੁਲਾਜ਼ਮ ਆਗੂਆਂ ਨੂੰ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਝੱਖੜ ਕਾਰਨ ਟੁੱਟੇ ਖੰਭੇ ਤੇ ਟਰਾਂਸਫਾਰਮਰ, ਦੇਖੋ ਤਬਾਹੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ. ਪੀ. ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ ਤੇ ਮੁਲਾਜ਼ਮ ਫਰੰਟ ਦੇ ਆਗੂ ਬਾਜ਼ ਸਿੰਘ ਖਹਿਰਾ ਪ੍ਰਧਾਨ, ਮਨਜੀਤ ਸਿੰਘ ਚਾਹਲ ਸਕੱਤਰ ਜਨਰਲ, ਹਰਮੇਸ਼ ਧੀਮਾਨ ਸਕੱਤਰ ਜਨਰਲ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਬਲਵਿੰਦਰ ਸਿੰਘ ਬਾਜਵਾ, ਨਵ ਵਰਿੰਦਰ ਸਿੰਘ ਨਵੀ, ਬਲਵਿੰਦਰ ਸਿੰਘ ਭੱਠੇ ਭੈਣੀ, ਹਰਜੰਟ ਸਿੰਘ ਬੋਡੇ, ਕੁਲਵੰਤ ਸਿੰਘ ਨਾਭਾ, ਬੁਲਦੇਵ ਸਿੰਘ ਬਸਰਾ, ਜਗਜੀਤ ਸਿੰਘ ਮੱਟੀ ਤੇ ਅਮਰੀਕ ਸਿੰਘ ਚਾਹਲ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News