ਖੇਤੀ ਬਿੱਲਾਂ ਦੇ ਮਾਮਲੇ 'ਚ ਸੁਖਬੀਰ ਦੇ ਰਾਹੁਲ ਗਾਂਧੀ ਨੂੰ ਤਿੱਖੇ ਸਵਾਲ, ਇੰਝ ਕੱਢੀ ਭੜਾਸ
Saturday, Oct 03, 2020 - 05:53 PM (IST)
ਜਲੰਧਰ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੱਖੇ ਸਵਾਲ ਪੁੱਛਦਿਆਂ ਕਿਹਾ ਹੈ ਕਿ ਅੱਜ ਜਿਹੜਾ ਕਾਂਗਰਸ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਪੱਤਰਾਂ 'ਚ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਸਰਕਾਰੀ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਮੰਡੀਆਂ ਖੋਲ੍ਹੀਆਂ ਜਾਣਗੀਆਂ ਤਾਂ ਫਿਰ ਅੱਜ ਕਿਹੜੇ ਮੂੰਹ ਨਾਲ ਕਾਂਗਰਸ ਪਾਰਟੀ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ।
ਸੁਖਬੀਰ ਨੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸਾਨਾਂ ਨਾਲ ਇੰਨਾ ਹੀ ਦਰਦ ਸੀ ਤਾਂ ਫਿਰ ਉਹ ਸੰਸਦ ਦੇ ਇਜਲਾਸ 'ਚ ਸ਼ਾਮਲ ਕਿਉਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਦੋਂ ਇਜਲਾਸ ਸ਼ੁਰੂ ਹੋਇਆ ਤਾਂ ਰਾਹੁਲ ਗਾਂਧੀ ਜਹਾਜ਼ ਫੜ੍ਹ ਕੇ ਬਾਹਰ ਚਲੇ ਗਏ ਅਤੇ ਜਦੋਂ ਇਜਲਾਸ ਖਤਮ ਹੋਇਆ ਤਾਂ ਵਾਪਸ ਪਰਤ ਆਏ। ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕਿਸਾਨਾਂ ਨਾਲ ਜੇਕਰ ਉਨ੍ਹਾਂ ਨੂੰ ਹਮਦਰਦੀ ਸੀ ਤਾਂ ਫਿਰ ਉਨ੍ਹਾਂ ਨੇ ਵਿਪ੍ਹ ਕਿਉਂ ਨਹੀਂ ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਵੋਟਾਂ ਪਾਉਣ ਵੇਲੇ ਸੰਸਦ 'ਚੋਂ ਵਾਕਆਊਟ ਕਿਉਂ ਕਰ ਗਏ। ਉਨ੍ਹਾਂ ਕਾਂਗਰਸ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਕਾਂਗਰਸ ਦਿਲੋਂ ਚਾਹੁੰਦੀ ਸੀ ਕਿ ਇਹ ਖੇਤੀ ਬਿੱਲ ਪਾਸ ਹੋ ਜਾਣ ਕਿਉਂਕਿ ਉਨ੍ਹਾਂ ਦੇ ਚੋਣ ਮੈਨੀਫੈਸਟੋ 'ਚ ਇਹ ਸਭ ਕੁੱਝ ਸੀ।