ਸੁਖਬੀਰ ਨੂੰ ਅਚਨਚੇਤ ਚੰਡੀਗੜ੍ਹ ਕਿਉਂ ਆਇਆ ਯਾਦ!
Wednesday, Jul 10, 2019 - 10:12 AM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੀ ਰਾਤ ਲੋਕ ਸਭਾ 'ਚ ਜਿਸ ਤਰੀਕੇ ਨਾਲ ਪੰਜਾਬ ਦੀਆਂ ਪਿਛਲੇ ਚਾਲੀ-ਪੰਤਾਲੀ ਸਾਲ ਪੁਰਾਣੀਆਂ ਮੰਗਾਂ, ਜਿਨ੍ਹਾਂ ਵਿਚ ਖਾਸ ਕਰ ਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕਿਉਂ ਨਹੀਂ ਬਣਾਈ ਜਾਂਦੀ ਆਦਿ ਨੂੰ ਉਠਾ ਕੇ ਸਿਆਸੀ ਗਲਿਆਰੇ 'ਚ ਇਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਕਿਉਂਕਿ ਲਗਾਤਾਰ 10 ਸਾਲ ਰਾਜ ਕਰਨ ਵਾਲੇ ਸੁਖਬੀਰ ਬਾਦਲ ਜੋ ਆਪਣੀ ਸਰਕਾਰ 'ਚ ਬਤੌਰ ਡਿਪਟੀ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਜੋ ਮੋਦੀ ਦੀ ਸਰਕਾਰ 'ਚ ਕੇਂਦਰੀ ਮੰਤਰੀ ਸਨ ਪਰ ਉਸ ਵੇਲੇ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੀ ਧਰਮ ਪਤਨੀ ਨੇ ਇਹ ਚੰਡੀਗੜ੍ਹ ਦਾ ਮੁੱਦਾ ਆਪ ਜਾਂ ਆਪਣੇ ਕਿਸੇ ਐੱਮ. ਪੀ. ਰਾਹੀਂ ਕਿਉਂ ਨਹੀਂ ਉਠਾਇਆ, ਇਹ ਸਵਾਲ ਅੱਜ ਹਰ ਸਿਆਸੀ ਪਾਰਟੀ ਦੀ ਜ਼ੁਬਾਨ 'ਤੇ ਹੈ।
ਕਈ ਘਾਗ ਆਗੂ, ਪਾਰਟੀ ਨੇਤਾ ਤਾਂ ਹੈਰਾਨ ਹਨ ਕਿ ਸੁਖਬੀਰ ਨੂੰ ਅਚਨਚੇਤ ਗੁੰਮਨਾਮ ਮੁੱਦਿਆਂ ਨੂੰ ਮੁੜ ਸੁਰਜੀਤ ਕਰਨ ਦੀ ਯਾਦ ਕਿਵੇਂ ਆ ਗਈ। ਇਹ ਵੀ ਆਖ ਰਹੇ ਹਨ ਕਿ ਜੇਕਰ ਸੁਖਬੀਰ ਬਾਦਲ ਨੂੰ ਇਨ੍ਹਾਂ ਮੁੱਦਿਆਂ ਦੀ ਯਾਦ ਆ ਹੀ ਗਈ ਹੈ ਤਾਂ ਚੰਗਾ ਹੋਇਆ। ਹੁਣ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪਾਣੀਆਂ ਦੇ ਮਸਲੇ ਅਤੇ ਹੋਰ ਮਸਲੇ ਹੱਲ ਕਰਵਾ ਲੈਣ। ਇਹ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਪਾਰਟੀ ਲਈ ਹੁਣ ਸੁਨਹਿਰੀ ਮੌਕਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ 'ਚ ਸਿਆਸੀ ਹਾਲਾਤ ਦੇਖੇ ਜਾ ਰਹੇ ਹਨ, ਉਨ੍ਹਾਂ ਨੂੰ ਠੀਕ ਕਰਨ, ਲੋਕਾਂ ਵਿਚ ਵਿਸ਼ਵਾਸ ਬਣਾਉਣ ਅਤੇ ਇਹ ਜਿਹੜੀਆਂ ਪੁਰਾਣੀਆਂ ਵੱਡੀਆਂ ਮੰਗਾਂ ਨੂੰ ਪੂਰਾ ਕਰਵਾਉਣ 'ਤੇ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਸਿਆਸੀ ਤਾਕਤ ਮਿਲ ਸਕਦੀ ਹੈ। ਜੇਕਰ ਬਿਆਨਬਾਜ਼ੀ ਕਰ ਕੇ ਲੋਕਾਂ ਦਾ ਧਿਆਨ ਖਿੱਚਣ ਲਈ ਗਾਹੇ-ਬਗਾਹੇ ਇਹ ਗੱਲਾਂ ਕਰਨੀਆਂ ਹਨ ਤਾਂ ਪਿਛਲੇ ਸਮੇਂ ਤੋਂ ਲੋਕ ਸੁਣ-ਸੁਣ ਕੇ ਅੱਕ ਚੁੱਕੇ ਹਨ। ਹੁਣ ਵੇਲਾ ਹੱਲ ਕਰਨ ਦਾ ਹੈ ਨਾ ਕਿ ਗੱਲ ਕਰਨ ਦਾ।