ਸੁਖਬੀਰ ਬਾਦਲ ਨੇ ਹੜ੍ਹ ਦੀ ਲਪੇਟ ''ਚ ਆਏ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
Tuesday, Sep 08, 2020 - 02:13 AM (IST)
ਅਬੋਹਰ,(ਰਹੇਜਾ)– ਵਿਧਾਨ ਸਭਾ ਖੇਤਰ ਬੱਲੂਆਣਾ ਦੇ ਅਧੀਨ ਕਰੀਬ 1 ਦਰਜਨ ਪਿੰਡਾਂ 'ਚ ਮੀਂਹ ਤੋਂ ਖਰਾਬ ਹੋਈਆਂ ਫਸਲਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਪਿੰਡ ਕੇਰਾਖੇੜਾ, ਭੰਗਾਲਾ, ਕੁੰਡਲ, ਬਹਾਵਲਵਾਸੀ, ਢਾਣੀ ਸੁੱਚਾ ਸਿੰਘ, ਬਹਾਦੁਰ ਖੇੜਾ, ਰਾਏਪੁਰਾ, ਰਾਜਾਂਵਾਲੀ, ਮਲੂਕਪੁਰਾ, ਬੱਲੂਆਣ, ਚੱਨਣਖੇੜਾ, ਗੱਦਾਡੋਬ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀ ਸੱਮਸਿਆਵਾਂ ਸੁਣੀਆਂ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੀਂਹ ਦੇ ਪਾਣੀ ਦੀ ਲਪੇਟ 'ਚ ਆਏ ਕਿਸਾਨਾਂ ਦੇ ਬੈਂਕ ਕਰਜੇ ਮੁਆਫ ਕਰਨ, 6 ਮਹੀਨੇ ਦਾ ਰਾਸ਼ਨ ਦੇਣ ਅਤੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫੌਰੀ ਤੌਰ 'ਤੇ ਆਰਥਿਕ ਮਦਦ ਦੇਣ ਦੀ ਮੰਗ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਵਰਕਰ ਵੀ ਜਲਦ ਹੀ ਕਿਸਾਨਾਂ ਅਤੇ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ, ਜਲਦ ਹੀ ਐੱਸ. ਜੀ. ਪੀ. ਸੀ. ਦੇ ਡਾਕਟਰਾਂ ਦੀ ਟੀਮ ਆ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਕੇ ਮੈਡੀਕਲ ਮਦਦ ਉਪਲੱਬਧ ਕਰਵਾਈ ਜਾਵੇਗੀ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਕੇਂਦਰ ਖੇਤੀਬਾੜੀ ਮੰਤਰੀ ਨੂੰ ਦੇ ਕੇ ਸਰਕਾਰ ਤੋਂ ਵੀ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਕਰੀਬ 20 ਦਿਨ ਪਹਿਲਾਂ ਉਪਮੰਡਲ 'ਚ ਪਏ ਮੀਂਹ ਦੇ ਕਾਰਣ 50 ਹਜ਼ਾਰ ਏਕੜ ਜ਼ਮੀਨ 'ਤੇ ਤਿਆਰ ਫਸਲ 'ਚ 5 ਫੁਟ ਪਾਣੀ ਖੜਾ ਹੋ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਵਿਧਾਇਕ ਨੱਥੂ ਰਾਮ ਅਤੇ ਪ੍ਰਸ਼ਾਸਨ ਨੇ ਪਾਣੀ ਨਿਕਾਸੀ ਦਾ ਕੋਈ ਪ੍ਰੰਬਧ ਨਹੀਂ ਕੀਤਾ, ਜਿਸ ਨਾਲ ਉਨ੍ਹਾਂ ਦੀਆਂ ਫਸਲਾਂ, ਘਰ ਅਤੇ ਹੋਰ ਸਾਮਾਨ ਖਰਾਬ ਹੋ ਗਿਆ ਹੈ।