ਮਨਜੀਤ ਸਿੰਘ ਜੀ. ਕੇ. ''ਤੇ ਹੋਏ ਹਮਲੇ ''ਤੇ ਭੜਕੇ ਸੁਖਬੀਰ ਬਾਦਲ

Sunday, Aug 26, 2018 - 01:14 PM (IST)

ਮਨਜੀਤ ਸਿੰਘ ਜੀ. ਕੇ. ''ਤੇ ਹੋਏ ਹਮਲੇ ''ਤੇ ਭੜਕੇ ਸੁਖਬੀਰ ਬਾਦਲ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਲੀਫੋਰਨੀਆ ਵਿਖੇ ਮਨਜੀਤ ਸਿੰਘ ਜੀ. ਕੇ. 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਪਾ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਗੁੰਡਿਆਂ ਅੱਗੇ ਗੋਡੇ ਨਹੀਂ ਟੇਕੇਗਾ। ਆਪਣੀ ਫੇਸਬੁੱਕ ਪੋਸਟ 'ਤੇ ਸੁਖਬੀਰ ਬਾਦਲ ਨੇ ਲਿਖਿਆ ਕਿ 'ਡੀ. ਐੱਸ. ਜੀ. ਐੱਮ. ਸੀ. ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਿਹੱਥੇ ਸੀ ਅਤੇ ਯੂਬਾ ਸਿਟੀ ਗੁਰੂ ਘਰ ਵਿਖੇ ਮੱਥਾ ਟੇਕ ਰਹੇ ਸੀ, ਜਿੱਥੇ ਆਈ. ਐੱਸ. ਆਈ. ਦੇ ਹੱਥਠੋਕੇ 20 ਤੋਂ ਵੱਧ ਭਾੜੇ ਦੇ ਗੁੰਡਿਆਂ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। 
ਇਹ ਡਰਪੋਕ ਸਿੱਖ ਨਹੀਂ ਹੋ ਸਕਦੇ। ਮਨਜੀਤ ਸਿੰਘ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਫੈਲਾਉਣ ਅਤੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਬਾਰੇ ਗੱਲਬਾਤ ਕਰਨ ਲਈ ਗਏ ਸਨ ਪਰ ਇਹ ਗੁੰਡੇ ਸਿਰਫ ਅੱਤਵਾਦ ਫੈਲਾਉਣ ਦੇ ਚਾਹਵਾਨ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਅੱਤਵਾਦ ਅੱਗੇ ਹਾਰ ਨਹੀਂ ਮੰਨੀ ਅਤੇ ਸਿੱਖੀ ਸਿਧਾਂਤਾਂ 'ਤੇ ਮਜ਼ਬੂਤੀ ਨਾਲ ਕਾਇਮ ਰਹੇਗੀ। ਅਸੀਂ ਮਨਜੀਤ ਸਿੰਘ ਅਤੇ ਉਸ ਹਰ ਅਕਾਲੀ ਦੇ ਪਿੱਛੇ ਚੱਟਾਨ ਵਾਂਗ ਖੜ੍ਹੇ ਹਾਂ, ਜੋ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਅਤੇ ਦਹਿਸ਼ਤਗਰਦੀ ਦੇ ਏਜੰਟਾਂ ਵਿਰੁੱਧ ਲੜਦੇ ਹਨ। 
ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊਯਾਰਕ ਵਿਖੇ ਮਨਜੀਤ ਸਿੰਘ ਜੀ. ਕੇ 'ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜੀ. ਕੇ. 'ਤੇ ਹਮਲੇ ਦੀ ਲਗਾਤਾਰ ਦੂਜੀ ਘਟਨਾ ਹੈ।


Related News